ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਖ਼ਾਲਿਸਤਾਨ ਲਿਬਰੇਸ਼ਨਫ਼ੋਰਸ ਨਾਲ ਸੰਬੰਧਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੋਸ਼ੀਆਂ ਦੀ ਪਛਾਣ ਤਰਨਤਾਰਨ ਨਿਵਾਸੀ ਹਰਭਿੰਦਰ ਸਿੰਘ ਉਰਫ਼ ਪਿੰਦਰ ਅਤੇ ਨਵਪ੍ਰੀਤ ਸਿੰਘ ਨਵ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੇ ਕਾਮਰੇਡ ਸੰਧੂ ਕਤਲ ਕੇਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ।
ਨਵਪ੍ਰੀਤ ਅਤੇ ਹਰਭਿੰਦਰ ਇਸ ਮਾਮਲੇ ਵਿੱਚ ਪਹਿਲਾਂ ਚਾਰਜਸ਼ੀਟ ਕੀਤੇ ਗਏ ਦੋਸ਼ੀ ਇੰਦਰਜੀਤ ਸਿੰਘ ਇੰਦਰ ਦੇ ਨੇੜਲੇ ਸਾਥੀ ਸਨ। ਇੰਦਰਜੀਤ ਸਿੰਘ ਇੰਦਰ ਨੇ ਸੰਧੂ ਦੇ ਘਰ ਦੀ ਰੇਕੀ ਕੀਤੀ ਸੀ। ਦੋਵਾਂ ਨੂੰ ਮੋਹਾਲੀ ਦੀ ਸਪੈਸ਼ਲ ਐਨ.ਆਈ.ਏ. ਕੋਰਟ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਕਾਮਰੇਡ ਸੰਧੂ ਨੂੰ ਪਿਛਲੇ ਸਾਲ 16 ਅਕਤੂਬਰ ਨੂੰ ਉਸ ਦੇ ਘਰ ਅਤੇ ਸਕੂਲ ਵਿਖ਼ੇ ਪੁੱਜੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਐਨ.ਆਈਲ.ਏ.ਨੇ ਇਸ ਮਾਮਲੇ ਵਿੱਚ ਪਹਿਲੀ ਜਨਵਰੀ ਨੂੰ ਕੇਸ ਦਰਜ ਕਰਕੇ 8 ਦੋਸ਼ੀਆਂ ਦੇ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ।
ਇਹ ਵੀ ਪੜ੍ਹੋ : ਗੈਂਗਸਟਰ ਜੈਪਾਲ ਭੁੱਲਰ ਦੀ ਨਵੀਂ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੋਇਆ ਵੱਡਾ ਖੁਲਾਸਾ
ਜ਼ਿਕਰਯੋਗ ਹੈ ਕਿ 16 ਅਕਤੂਬਰ 2020 ਨੂੰ ਤਰਨਤਾਰਨ ਦੇ ਪਿੰਡ ਭਿੱਖੀਵਿੰਡ ‘ਚ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੀ ਅਣਪਛਾਤੇ ਵਿਅਕਤੀਆਂ ਨੇ ਘਰ ‘ਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ‘ਚ ਤਰਨਤਾਰਨ ਪੁਲਿਸ ਨੇ ਲੁਧਿਆਣਾ ਦੇ ਕੁਝ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਸੀ। ਬਾਅਦ ‘ਚ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਘਟਨਾ ਪਾਕਿਸਤਾਨ ‘ਚ ਬੈਠੇ ਖਾਲਿਸਤਾਨ ਸਮਰਥਕਾਂ ਨੇ ਕਰਵਾਈ ਸੀ। ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਐੱਨ.ਆਈ.ਏ ਕਰ ਰਹੀ ਹੈ।