Congratulations to Punjab players : ਪੰਜਾਬ ਦੇ ਹੌਕੀ ਖਿਡਾਰੀ ਆਕਾਸ਼ਦੀਪ ਸਿੰਘ ਨੂੰ ਕੇਂਦਰ ਸਰਕਾਰ ਵੱਲੋਂ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਛੇ ਹੋਰ ਖਿਡਾਰੀਆਂ ਨੂੰ ਧਿਆਨ ਚੰਦ ਐਵਾਰਡ ਲਈ ਚੁਣਿਆ ਗਿਆ ਹੈ। ਕਰਨਲ ਸਰਫਰਾਜ ਨੂੰ ਤੇਨਜਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਸੂਬੇ ਦੇ ਖੇਡ ਅਤੇ ਨੌਜਵਾਨ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬੀਤੇ ਦਿਨ ਇਨ੍ਹਾਂ ਐਵਾਰਡਾਂ ਦੇ ਜੇਤੂਆਂ ਅਤੇ ਮਾਕਾ ਟਰਾਫੀ ਜਿੱਤਣ ਵਾਲੀ ਪੰਜਾਬ ਯੂਨੀਵਰਸਿਟੀ ਨੂੰ ਵਧਾਈ ਦਿੱਤੀ ਹੈ। ਦੱਸਣਯੋਗ ਹੈ ਕਿ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਇਹ ਐਵਾਰਡ ਸਮਾਰੋਹ ਕੌਮੀ ਖੇਡ ਦਿਵਸ ਦੇ ਮੌਕੇ ’ਤੇ 29 ਅਗਸਤ ਨੂੰ ਆਨਲਾਈਨ ਹੀਂ ਆਯੋਜਿਤ ਕੀਤਾ ਜਾਵੇਗਾ।
ਰਾਣਾ ਸੋਢੀ ਨੇ ਸੂਬੇ ਦੇ ਹੋਣਹਾਰ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਾਕੀ ਖਿਡਾਰੀ ਆਕਾਸ਼ਦੀਪ ਸਿੰਘ ਨੂੰ ਅਰਜੁਨ ਐਵਾਰਡ ਲਈ ਚੁਣਿਆ ਗਿਆ ਹੈ, ਜਦਕਿ ਕੁਲਦੀਪ ਸਿੰਘ ਭੁੱਲਰ (ਐਥਲੈਟਿਕਸ), ਅਜੀਤ ਸਿੰਘ (ਹਾਕੀ), ਮਨਪ੍ਰੀਤ ਸਿੰਗ (ਕਬੱਡੀ), ਮਨਜੀਤ ਸਿੰਘ (ਰੋਇੰਗ), ਸੁਖਵਿੰਦਰ ਸਿੰਘ ਸੰਧੂ (ਫੁਟਬਾਲ) ਅਤੇ ਲੱਖਾ ਸਿੰਘ (ਮੁੱਕੇਬਾਜ਼ੀ) ਨੂੰ ਧਿਆਨ ਚੰਦ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਮਾਊਂਟ ਐਵਰੇਸਟ ਨੂੰ ਫਤਹਿ ਕਰਨ ਲਈ ਜਲੰਧਰ ਦੇ ਕਰਨਲ ਸਰਫਰਾਜ਼ ਨੂੰ ਤੇਨਜਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡ ਲਈ ਚੁਣਿਆ ਗਿਆ ਹੈ। ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਮਿਲੇਗੀ।
ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਖੇਡ ਦੇ ਖੇਤਰ ਵਿਚ ਮੁੜ ਆਪਣੀ ਸ਼ਾਨ ਬਹਾਲ ਕਰਨ ਦੀ ਰਾਹ ’ਤੇ ਅੱਗੇ ਹੈ ਅਤੇ ਮੰਨੇ-ਪ੍ਰਮੰਨੇ ਐਵਾਰਡ ਦੀ ਐਲਾਨ ਸੂਚੀ ਇਸ ਗੱਲ ਦੀ ਗਵਾਹ ਹੈ। ਰਾਣਾ ਸੋਢੀ ਨੇ ਖੇਡ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਵਾਲੇ ਸਾਰੇ ਐਵਾਰਡ ਜੇਤੂਆਂ ਨੂੰ ਵਦਾਈ ਦਿੱਤੀ ਅਤੇ ਭਰੋਸਾ ਦਿੱਤਾ ਕਿ ਆਉਣ ਵਾਲੀਆਂ ਖੇਡਾਂ ਵਿਚ ਹਿੱਸਾ ਲੈਣ ਲਈ ਉਹ ਜਿਹੜੀਆਂ ਵੀ ਯੋਜਨਾਵਾਂ ਬਣਾ ਰਹੇ ਹਨ, ਉਸ ਵਿਚ ਪੰਜਾਬ ਸਰਕਾਰ ਪੂਰਾ ਸਹਿਯੋਗ ਦੇਵੇਗੀ।