Construction work of : ਕੋਵਿਡ-19 ਕਾਰਨ ਪੂਰੇ ਪੰਜਾਬ ਵਿਚ ਲੌਕਡਾਊਨ ਚੱਲ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਵਿਕਾਸ ਦੇ ਕੰਮ ਰੁਕੇ ਪਏ ਸਨ। ਇਸੇ ਅਧੀਨ ਸ਼ਾਹਪੁਰ ਕੰਢੀ ਡੈਮ ਦਾ ਨਿਰਮਾਣ ਕਾਰਜ ਵੀ ਲੌਕਡਾਊਨ ਕਾਰਨ ਬੰਦ ਸੀ ਜੋ ਸਰਕਾਰ ਵੱਲੋਂ ਪ੍ਰਮੁੱਖ ਸਕੱਤਰ ਜਲ ਸਰੋਤ ਏ ਵੇਣੂ ਪ੍ਰਸਾਦ ਦੀ ਹਾਜ਼ਰੀ ਵਿੱਚ ਸ਼ੁਰੂ ਕੀਤਾ ਗਿਆ ਹੈ। ਇਹ ਡੈਮ ਪੰਜਾਬ ਸਰਕਾਰ ਦੁਆਰਾ ਰਾਵੀ ਨਦੀ ‘ਤੇ 2700 ਕਰੋੜ ਰੁਪਏ ਦੀ ਲਾਗਤ ਨਾਲ ਬਣਵਾਇਆ ਜਾ ਰਿਹਾ ਹੈ। ਇਸ ਡੈਮ ਦੇ ਪੂਰਾ ਹੋਣ ਨਾਲ ਪਾਕਿਸਤਾਨ ਵੱਲ ਜਾ ਰਹੇ ਪਾਣੀ ਦਾ ਵਹਾਅ ਘੱਟ ਜਾਵੇਗਾ, ਜਿਸ ਦਾ ਫਾਇਦਾ ਪੰਜਾਬ ਤੇ ਜੰਮੂ-ਕਸ਼ਮੀਰ ਦੋਵੇਂ ਸੂਬਿਆਂ ਨੂੰ ਮਿਲੇਗਾ।
ਰਾਵੀ ਨਦੀ ‘ਤੇ ਬਣ ਰਹੇ ਡੈਮ ਨੂੰ 2022 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਡੈਮ ਵਿੱਚ ਰਣਜੀਤ ਸਾਗਰ ਡੈਮ ਤੋਂ ਬਿਜਲੀ ਬਣਾਉਣ ਤੋਂ ਬਾਅਦ ਛੱਡਿਆ ਪਾਣੀ ਇਕੱਠਾ ਕੀਤਾ ਜਾਵੇਗਾ ਤੇ ਫਿਰ ਇਸ ਤੋਂ ਬਿਜਲੀ ਪੈਦਾ ਕੀਤੀ ਜਾਏਗੀ। ਇਸ ਨਾਲ ਪੰਜਾਬ ਦੇ 5000 ਹੈਕਟੇਅਰ ਰਕਬੇ ਵਿੱਚ ਵੀ ਸਿੰਜਾਈ ਹੋਵੇਗੀ। ਇਥੇ ਇਹ ਦੱਸਣਯੋਗ ਹੈ ਕਿ 40 ਸਾਲ ਪਹਿਲਾਂ 1979 ਵਿੱਚ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਕਠੂਆ ਦੇ ਨਾਲ ਧਾਰਿਆ ਗਿਆ ਸੀ ਜਿਸ ਜ਼ਮੀਨ ‘ਤੇ ਰਣਜੀਤ ਸਾਗਰ ਡੈਮ ਬਣਾਇਆ ਜਾਣਾ ਸੀ, ਉੱਥੇ 65 ਫ਼ੀਸਦੀ ਜ਼ਮੀਨ ਜੰਮੂ ਕਸ਼ਮੀਰ ਦੀ ਸੀ। ਬਦਲੇ ਵਿਚ, ਪੰਜਾਬ ਨੇ ਆਪਣੇ ਵੱਲੋਂ ਜੰਮੂ-ਕਸ਼ਮੀਰ ਲਈ ਸ਼ਾਹਪੁਰ ਕੰਢੀ ਬੈਰਾਜ ਬਣਾਉਣ ਤੇ 1150 ਕਿਊਸਕ ਪਾਣੀ ਦੇਣ ਲਈ ਲਿਖਤੀ ਸਮਝੌਤਾ ਕੀਤਾ ਸੀ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 15 ਅਪ੍ਰੈਲ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸੀ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਨੂੰ ਇਸ ਪ੍ਰਾਜੈਕਟ ਦੇ ਨਿਰਮਾਣ ਕਾਰਜ ਨੂੰ ਮੁੜ ਸ਼ੁਰੂ ਕਰਨ ਦੀ ਸੰਭਾਵਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੌਜੂਦਾ ਸਥਿਤੀ ਦਾ ਪਤਾ ਕਰਨ ਲਈ ਤੁਰੰਤ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ। ਇਸ ਟੀਮ ਨੇ ਮੰਗਲਵਾਰ ਨੂੰ ਮੌਕੇ ਦਾ ਜਾਇਜ਼ਾ ਲਿਆ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਮਜ਼ਦੂਰ ਡੈਮ ਵਾਲੀ ਥਾਂ ‘ਤੇ ਹੀ ਸ਼ੈੱਡਾਂ ਵਿਚ ਰਹਿ ਰਹੇ ਹਨ। ਟੀਮ ਦੀ ਜਾਣਕਾਰੀ ਦੇ ਅਧਾਰ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਸਾਰੀ ਸ਼ੁਰੂ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਕਿਉਂਕਿ ਡੈਮ ਦਾ ਕੰਮ ਸ਼ੁਰੂ ਕਰਵਾਉਣ ਵਿਚ ਮੁੱਖ ਮੁਸ਼ਕਲ ਲੇਬਰ ਦੀ ਹੀ ਸੀ ਲੇਬਰ ਦਾ ਪ੍ਰਬੰਧ ਹੋਣ ਕਰਕੇ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।