Corona dies in 36th death : ਕੋਰੋਨਾ ਦਾ ਕਹਿਰ ਪੂਰੇ ਵਿਸ਼ਵ ਵਿਚ ਜਾਰੀ ਹੈ। ਕੋਈ ਵੀ ਸੂਬਾ ਇਸ ਤੋਂ ਅਛੂਤਾ ਨਹੀਂ ਹੈ। ਭਾਵੇਂ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਕੇਸ ਘੱਟ ਆਏ ਹਨ ਪਰ ਅੱਜ ਸੂਬੇ ਵਿਚ ਕੋਰੋਨਾ ਨਾਲ 36ਵੀਂ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪਠਾਨਕੋਟ ਦੇ 35 ਸਾਲਾ ਵਿਅਕਤੀ ਦੇ ਰੂਪ ਵਿਚ ਹੋਈ ਹੈ। ਉਹ ਗੁਰੂ ਨਾਨਕ ਦੇਵ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਸੀ। ਉਸ ਦੀ ਤਬੀਅਤ ਕਾਫੀ ਦਿਨਾਂ ਤੋਂ ਗੰਭੀਰ ਸੀ ਤੇ ਉਸ ਨੂੰ ਸਾਹ ਲੈਣ ਵਿਚ ਵੀ ਮੁਸ਼ਕਲ ਆ ਰਹੀ ਸੀ। ਉਹ ਵੈਂਟੀਲੇਟਰ ‘ਤੇ ਸੀ। ਇਸ ਦੀ ਜਾਣਕਾਰੀ ਹਸਪਤਾਲ ਪ੍ਰਸ਼ਾਸਨ ਵਲੋਂ ਦਿੱਤੀ ਗਈ। ਵਿਅਕਤੀ ਨੂੰ 14 ਅਪ੍ਰੈਲ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ ਪਰ ਹਾਲਤ ਵਿਚ ਸੁਧਾਰ ਨਾ ਹੋਣ ਕਾਰਨ ਅੱਜ ਉਸ ਦੀ ਮੌਤ ਹੋ ਗਈ। ਇਥੇ ਇਹ ਵੀ ਦੱਸਣਯੋਗ ਹੈ ਕਿ ਦੋ ਵਾਰ ਉਸ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਵੀ ਆ ਗਈ ਸੀ।
ਐਤਵਾਰ ਨੂੰ ਜਲੰਧਰ ਵਿਖੇ ਵੀ ਤਿੰਨ ਨਵੇਂ ਪਾਜੀਟਿਵ ਮਰੀਜ਼ ਮਿਲੇ ਸਨ ਉਨ੍ਹਾਂ ਵਿਚੋਂ ਦੋ ਐੱਨ. ਆਰ. ਆਈ. ਵੀ. ਹਨ। ਇਕ 28 ਸਾਲ ਦਾ ਨੌਜਵਾਨ ਗੁਰਾਇਆ ਵਿਚ ਰਾਧਾ ਸੁਆਮੀ ਸਤਿਸੰਗ ਘਰ ਵਿਚ ਬਣਾਏ ਕੁਆਰੰਟਾਈਨ ਸੈਂਟਰ ਵਿਚ ਰਹਿ ਰਿਹਾ ਸੀ ਦੂਜਾ 45 ਸਾਲਾ ਦਾ ਵਿਅਕਤੀ ਵਿਦੇਸ ਤੋਂ ਬਾਅਦ ਸਥਾਨਕ ਓਸਿਸ ਹੋਟਲ ਵਿਚ ਕੁਆਰੰਟਾਈਨ ਸੀ. ਹੁਣ ਦੋਵਾਂ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਚ ਸ਼ਿਫਟ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਪੀਜੀਆਈ ਚੰਡੀਗੜ੍ਹ ਵਿਚ ਕੋਰੋਨਾ ਤੋਂ ਜਾਨ ਗੁਆਉਣ ਵਾਲੇ ਮਰੀਜ਼ ਨਰੇਸ਼ ਚਾਵਲਾ ਦੇ ਸੰਪਰਕ ਵਿਚ ਆਉਣ ਵਾਲੇ ਕਿਲਾ ਮੁਹੱਲਾ ਨਿਵਾਸੀ 28 ਸਾਲ ਦੇ ਨੌਜਵਾਨ ਦੀ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਮਰੀਜ਼ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ।
ਸਿਹਤ ਮੰਤਰੀ ਨੇ ਇਸ ਦੌਰਾਨ ਕਿਹਾ ਕਿ ਸਰਕਾਰ ਰਾਜ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਪੂਰੀ ਤਰਾਂ ਤਿਆਰ ਹੈ ਅਤੇ ਹਰ ਇੱਕ ਸ਼ੱਕੀ ਵਿਅਕਤੀ ਦਾ ਪਤਾ ਲਗਾਉਣ ਅਤੇ ਉਸਦੀ ਜਾਂਚ ਕਰਨ ਲਈ ਮੁਸਤੈਦੀ ਨਾਲ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਿਆ ਜਾ ਸਕੇ, ਉਨ੍ਹਾਂ ਦੱਸਿਆ ਕੀ ਸਰਕਾਰੀ ਸਿਹਤ ਸਹੂਲਤਾਂ ਵਿੱਚ ਤਕਰੀਬਨ 5000 ਆਈਸੋਲੇਸ਼ਨ ਬੈਡ ਦੀ ਵਿਵਸਥਾ ਕੀਤੀ ਗਈ ਹੈ, ਸਾਰੇ ਗੰਭੀਰ ਕੋਵਿਡ ਮਰੀਜ਼ ਸਰਕਾਰੀ ਮੈਡੀਕਲ ਕਾਲਜਾਂ ਅਤੇ ਦੋ ਨਿੱਜੀ ਮੈਡੀਕਲ ਕਾਲਜਾਂ ਵਿੱਚ ਜਾਣਗੇ, ਉਸਨੇ ਇਹ ਵੀ ਕਿਹਾ ਕਿ ਟੈਸਟਿੰਗ 1654 ਪ੍ਰਤੀ ਮਿਲੀਅਨ ਹੋ ਗਈ ਹੈ ਅਤੇ 1500 ਤੋਂ 1800 ਟੈਸਟ ਪ੍ਰਤੀ ਦਿਨ ਕੀਤੇ ਜਾ ਰਹੇ ਹਨ ਜੋ ਕਿ ਰਾਸ਼ਟਰੀ ਔਸਤ ਤੋਂ ਉਪਰ ਹੈ।