Corona outbreak continues : ਪੂਰੇ ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਵਿਚ ਲਗਾਤਾਰ ਕੋਵਿਡ-19 ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਵੀਰਵਾਰ ਨੂੰ ਚੰਡੀਗੜ੍ਹ ਤੇ ਮੋਹਾਲੀ ਵਿਚ 12 ਨਵੇਂ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 6 ਬਾਪੂਧਾਮ ਕਾਲੋਨੀ ਦੇ ਹਨ। ਇਨ੍ਹਾਂ ਵਿਚੋਂ ਇਕ 53 ਸਾਲਾ ਵਿਅਕਤੀ, 8 ਸਾਲ ਦਾ ਬੱਚਾ, 16 ਅਤੇ 17 ਸਾਲ ਦੇ ਦੋ ਲੜਕੇ ਅਤੇ 12 ਤੇ 15 ਸਾਲ ਦੀਆਂ ਦੋ ਲੜਕੀਆਂ ਸ਼ਾਮਲ ਹਨ। ਇਕ ਸੈਕਟਰ-15 ਦੀ 91 ਸਾਲ ਦੀ ਬਜ਼ੁਰਗ ਔਰਤ ਹੈ ਜਿਸ ਦਾ ਇਲਾਜ ਮੈਕਸ ਹਸਪਤਾਲ ਵਿਚ ਚੱਲ ਰਿਹਾ ਹੈ। ਉਹ ਗਰਦਨ ਵਿਚ ਪ੍ਰਾਲਬਮ ਹੋਣ ਕਾਰਨ ਹਸਪਤਾਲ ਵਿਚ ਦਾਖਲ ਹੋਈ ਸੀ ਜਿਥੇ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ ਅਤੇ ਉਸ ਦੀ ਰਿਪੋਰਟ ਪਾਜੀਟਿਵ ਪਾਈ ਗਈ। ਇਸੇ ਤਰ੍ਹਾਂ ਮੋਹਾਲੀ ਦੇ ਸੈਕਟਰ-67 ਅਤੇ ਫੇਜ਼-10 ਨਿਵਾਸੀ ਦੇ ਦੋ ਲੋਕ ਵੀ ਕੋਰੋਨਾ ਪਾਜੀਟਿਵ ਪਾਏ ਗਏ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 289 ਹੋ ਗਈ ਹੈ ਤੇ ਇਨ੍ਹਾਂ ਵਿਚੋਂ 216 ਕੇਸ ਸਿਰਫ ਬਾਪੂਧਾਮ ਕਾਲੋਨੀ ਦੇ ਹਨ। ਇਸ ਤਰ੍ਹਾਂ ਬਾਪੂਧਾਮ ਕਾਲੋਨੀ ਕੋਰੋਨਾ ਪਾਜੀਟਿਵ ਕੇਸਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ।
ਸੂਬੇ ਵਿਚ ਹੁਣ ਬਾਹਰੋਂ ਵੀ ਬਹੁਤ ਸਾਰੇ ਭਾਰਤੀ ਵਾਪਸ ਪਰਤ ਰਹੇ ਹਨ ਜਿਸ ਨਾਲ ਇਨ੍ਹਾਂ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। 22 ਮਈ ਨੂੰ ਅਮਰੀਕਾ ਤੋਂ ਆਏ ਲਾਲੜੂ ਖੇਤਰ ਦੇ ਪਿੰਡ ਹਮਾਯੂੰਪੁਰ ਦੇ ਨਿਵਾਸੀ ਨੌਜਵਾਨ ਦੇ 6 ਮੈਂਬਰ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਇਨ੍ਹਾਂ ਸਾਰੇ ਮੈਂਬਰਾਂ ਨੂੰ 14 ਦਿਨਾਂ ਲਈ ਆਈਸੋਲੇਟ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਮੁੰਬਈ ਤੋਂ ਆਈ ਵੀ. ਆਈ.ਪੀ. ਰੋਡ ‘ਤੇ ਸਥਿਤ ਸੁਸਾਇਟੀ ਨਿਵਾਸੀ 29 ਸਾਲ ਦੀ ਲੜਕੀ ਵੀ 22 ਮਈ ਨੂੰ ਮੋਹਾਲੀ ਪਰਤੀ ਸੀ। ਬਹੁਤ ਸਾਰੇ ਅਜਿਹੇ ਵੀ ਹਨ ਜਿਨ੍ਹਾਂ ਦੇ ਸੈਂਪਲ ਲੈਬ ਵਿਚ ਟੈਸਟ ਲਈ ਭੇਜੇ ਗਏ ਹਨ ਅਤੇ ਇਨ੍ਹਾਂ ਸਾਰੇ ਯਾਤਰੀਆਂ ਨੂੰ ਘਰਾਂ ਵਿਚ ਹੀ ਏਕਾਂਤਵਾਸ ਹੋਣ ਲਈ ਕਿਹਾ ਗਿਆ ਹੈ।
ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਮੁੰਬਈ ਤੋਂ ਘਰੇਲੂ ਉਡਾਨ ਰਾਹੀਂ ਆਉਣ ਵਾਲੇ ਬਹੁਤ ਸਾਰੇ ਯਾਤਰੀਆਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ਵਿਚੋਂ 8 ਦੀ ਰਿਪੋਰਟ ਪਾਜੀਟਿਵ ਆਈ ਹੈ। ਇਨ੍ਹਾਂ ਵਿਚੋਂ ਤਿੰਨ ਮੁੰਬਈ ਦੀ ਘਰੇਲੂ ਉਡਾਨ ਰਾਹੀਂ ਅਤੇ ਇਕ ਅਮਰੀਕਾ ਤੋਂ ਵਾਪਸ ਆਇਆ ਵਿਅਕਤੀ ਹੈ ਤੇ ਬਹੁਤ ਸਾਰੇ ਵਿਅਕਤੀ ਪੰਜਾਬ ਦੇ ਹੋਰਨਾਂ ਜਿਲ੍ਹਿਆਂ ਨਾਲ ਸਬੰਧਤ ਹਨ।