Coronavirus cases India reach: ਨਵੀਂ ਦਿੱਲੀ: ਦੇਸ਼ ਵਿਚ ਲਗਾਤਾਰ 2 ਦਿਨ ਤੋਂ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ 6 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਪੀੜਤਾਂ ਦੀ ਗਿਣਤੀ ਸਵਾ ਲੱਖ ਦੇ ਅੰਕੜੇ ਨੂੰ ਪਾਰ ਕਰ ਕੇ 1,25,101 ‘ਤੇ ਪਹੁੰਚ ਗਈ ਹੈ । ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 6654 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 137 ਲੋਕਾਂ ਦੀ ਮੌਤ ਹੋ ਚੁੱਕੀ ਹੈ । ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਦੇਸ਼ ਚ 50 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਇਸ ਵਾਇਰਸ ਤੋਂ ਨਿਜਾਤ ਵੀ ਪਾ ਲਈ ਹੈ । ਜਿਸ ਤੋਂ ਬਾਅਦ ਦੇਸ਼ ਵਿੱਚ ਕੁੱਲ ਸਰਗਰਮ ਮਾਮਲੇ 69,597 ਹਨ ਤੇ ਮਰਨ ਵਾਲਿਆਂ ਦੀ ਗਿਣਤੀ 3720 ਹੋ ਗਈ ਹੈ।
ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 14 ਨਵੇਂ ਹੌਟਸਪੋਟ ਬਣੇ ਹਨ , ਜੋ ਇੱਕ ਦਿਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਹੌਟਸਪੌਟ ਰਿਕਾਰਡ ਹੈ । ਇਸ ਦੇ ਨਾਲ ਹੀ ਹੁਣ ਦਿੱਲੀ ਵਿੱਚ ਕੰਟੇਨਮੈਂਟ ਜ਼ੋਨਾਂ ਦੀ ਕੁੱਲ ਗਿਣਤੀ 92 ਹੋ ਗਈ ਹੈ । ਹਾਲਾਂਕਿ, ਇਸੇ ਦੌਰਾਨ ਦਿੱਲੀ ਦੇ ਇੱਕ ਖੇਤਰ ਨੂੰ ਕੰਟੇਨਮੈਂਟ ਜ਼ੋਨ ਦੀ ਸੂਚੀ ਤੋਂ ਬਾਹਰ ਵੀ ਕੀਤਾ ਗਿਆ ਹੈ ।
ਇਸ ਤੋਂ ਇਕ ਦਿਨ ਪਹਿਲਾਂ ਯਾਨੀ ਕਿ ਵੀਰਵਾਰ ਨੂੰ 6,088 ਨਵੇਂ ਮਾਮਲੇ ਸਾਹਮਣੇ ਆਏ ਸਨ । ਦੇਸ਼ ਵਿਚ ਕੋਰੋਨਾ ਨਾਲ ਪਿਛਲੇ 24 ਘੰਟਿਆਂ ਵਿਚ 137 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 3,720 ਹੋ ਗਈ । ਸ਼ੁੱਕਰਵਾਰ ਦੀ ਬਜਾਏ ਸ਼ਨੀਵਾਰ ਨੂੰ ਮ੍ਰਿਤਕਾਂ ਦੀ ਗਿਣਤੀ ਵਿੱਚ ਕੁਝ ਕਮੀ ਆਈ ਹੈ। ਸ਼ੁੱਕਰਵਾਰ ਦੇ ਅੰਕੜਿਆਂ ਮੁਤਾਬਕ ਇਕ ਦਿਨ ਚ ਕੋਰੋਨਾ ਨਾਲ 148 ਲੋਕਾਂ ਦੀ ਮੌਤ ਹੋਈ ਸੀ ।
ਦੇਸ਼ ਵਿੱਚ ਕੋਰੋਨਾ ਨਾਲ ਸਭ ਤੋਂ ਵੱਧ ਮਹਾਂਰਾਸ਼ਟਰ ਸੂਬਾ ਪ੍ਰਭਾਵਿਤ ਹੋਇਆ ਹੈ ਅਤੇ ਕੁੱਲ ਮਾਮਲਿਆਂ ਵਿੱਚ ਇੱਕ ਤਿਹਾਈ ਤੋਂ ਵਧੇਰੇ ਹਿੱਸਾ ਇੱਥੋਂ ਦਾ ਹੈ । ਮਹਾਂਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿਚ 2,940 ਨਵੇਂ ਮਾਮਲੇ ਆਏ ਹਨ, ਜਿਸ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 44,582 ਹੋ ਗਈ ਹੈ ਅਤੇ ਕੁੱਲ 1,517 ਲੋਕਾਂ ਦੀ ਮੌਤ ਹੋ ਚੁੱਕੀ ਹੈ ।