Coronavirus India Biggest Single-Day Spike: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੇ ਇੱਕ ਵਾਰ ਫਿਰ ਸਾਰੇ ਰਿਕਾਰਡ ਤੋੜ ਦਿੱਤੇ ਹਨ । ਐਤਵਾਰ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 8380 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 193 ਮਰੀਜ਼ਾਂ ਦੀ ਮੌਤ ਹੋ ਗਈ । ਇਸਦੇ ਨਾਲ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਇੱਕ ਲੱਖ 82 ਹਜ਼ਾਰ 142 ਹੋ ਗਈ ਹੈ । ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੋਰੋਨਾ ਦੇ 7,964 ਨਵੇਂ ਮਾਮਲੇ ਮਿਲੇ ਸਨ, ਜਦੋਂ ਕਿ 265 ਮਰੀਜ਼ਾਂ ਦੀ ਜਾਨ ਗਈ ਸੀ ।
ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿੱਚ ਕੋਰੋਨਾ ਦੇ ਹੁਣ 89995 ਮਾਮਲੇ ਸਰਗਰਮ ਹਨ। ਕੋਰੋਨਾ ਮਹਾਮਾਰੀ ਨਾਲ ਹੁਣ ਤੱਕ 5164 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ 86983 ਲੋਕ ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਮਹਾਂਰਾਸ਼ਟਰ ‘ਤੇ ਪਿਆ ਹੈ । ਮਹਾਂਰਾਸ਼ਟਰ ਵਿੱਚ ਇੱਕ ਦਿਨ ਵਿੱਚ 2,490 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 99 ਲੋਕਾਂ ਦੀ ਮੌਤ ਹੋਈ ਹੈ । ਨਵੇਂ ਮਰੀਜ਼ ਆਉਣ ਤੋਂ ਬਾਅਦ ਸੂਬੇ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 65,168 ਤੱਕ ਪਹੁੰਚ ਗਈ ਹੈ ।
ਇਸ ਤੋਂ ਇਲਾਵਾ ਗੁਜਰਾਤ ਵਿੱਚ 412 ਨਵੇਂ ਕੇਸ ਪਾਏ ਗਏ ਅਤੇ 27 ਮਰੀਜ਼ਾਂ ਦੀ ਮੌਤ ਹੋ ਗਈ ਹੈ । ਮਹਾਂਰਾਸ਼ਟਰ ਤੋਂ ਬਾਅਦ ਇਹ ਦੇਸ਼ ਦਾ ਦੂਜਾ ਸੂਬਾ ਬਣ ਗਿਆ ਹੈ ਜਿਥੇ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ । ਗੁਜਰਾਤ ਦੀ ਮੌਤ ਦਰ (6.2%) ਹੈ ਜੋ ਤਣਾਅ ਦੇਣ ਵਾਲੀ ਹੈ । ਪਿਛਲੇ 24 ਘੰਟਿਆਂ ਵਿੱਚ ਅਹਿਮਦਾਬਾਦ ਵਿੱਚ ਹਰ ਘੰਟੇ ਵਿੱਚ ਇੱਕ ਮਰੀਜ਼ ਦੀ ਮੌਤ ਹੋ ਗਈ. ਗੁਜਰਾਤ ਦੇਸ਼ ਦਾ ਚੌਥਾ ਸੂਬਾ ਹੈ ਜਿਸ ਨੇ 16,000 ਮਾਮਲਿਆਂ ਦਾ ਅੰਕੜਾ ਪਾਰ ਕੀਤਾ ਹੈ।
ਦੇਸ਼ ਚ ਕੋਵਿਡ-19 ਨਾਲ ਮੌਤ ਦੇ ਹੁਣ ਤੱਕ ਕੁੱਲ 5164 ਮਾਮਲਿਆਂ ਵਿੱਚ ਸਭ ਤੋਂ ਮਹਾਂਰਾਸ਼ਟਰ ਸਭ ਤੋਂ ਅੱਗੇ ਹੈ, ਜਿਨ੍ਹਾਂ ਦੀ ਗਿਣਤੀ 2,197 ਹੈ। ਇਸ ਤੋਂ ਬਾਅਦ ਗੁਜਰਾਤ ਵਿੱਚ 1007, ਮੱਧ ਪ੍ਰਦੇਸ਼ ਵਿੱਚ 343, ਦਿੱਲੀ ਵਿੱਚ 416, ਪੱਛਮੀ ਬੰਗਾਲ ਵਿੱਚ 309, ਉੱਤਰ ਪ੍ਰਦੇਸ਼ ਵਿੱਚ 201, ਰਾਜਸਥਾਨ ਵਿੱਚ 193, ਤਾਮਿਲਨਾਡੂ ਵਿੱਚ 160, ਤੇਲੰਗਾਨਾ ਵਿੱਚ 77 ਅਤੇ ਆਂਧਰਾ ਪ੍ਰਦੇਸ਼ ਵਿੱਚ 60 ਮਾਮਲੇ ਸਾਹਮਣੇ ਆਏ ਹਨ।