Coronavirus India Updates: ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 2,553 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 72 ਮਰੀਜ਼ਾਂ ਦੀ ਮੌਤ ਹੋ ਗਈ ਹੈ । ਜਿਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਕੋਰੋਨਾ ਦੇ ਹੁਣ ਤੱਕ ਕੁੱਲ 42,533 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 111 ਵਿਦੇਸ਼ੀ ਮਰੀਜ਼ ਹਨ। ਇਸ ਵਾਇਰਸ ਕਾਰਨ ਹੁਣ ਤੱਕ 1373 ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਉੱਥੇ ਹੀ ਇੱਕ ਰਾਹਤ ਵਾਲੀ ਖਬਰ ਵੀ ਹੈ ਕਿ ਦੇਸ਼ ਵਿੱਚ ਕੋਰੋਨਾ ਨਾਲ ਪੀੜਤ ਲੋਕਾਂ ਦੇ ਸਿਹਤਮੰਦ ਹੋਣ ਦੀ ਰਫਤਾਰ ਵਿੱਚ ਵੀ ਤੇਜ਼ੀ ਆਈ ਹੈ ਅਤੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ ਪੀੜਤ 1,074 ਲੋਕ ਠੀਕ ਹੋਏ ਹਨ, ਜਿਸ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦਾ ਅੰਕੜਾ 11,707 ‘ਤੇ ਪਹੁੰਚ ਗਿਆ ਹੈ । ਜ਼ਿਕਰਯੋਗ ਹੈ ਕਿ ਹੁਣ ਤੱਕ ਕੋਰੋਨਾ ਵਾਇਰਸ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲ ਚੁੱਕਿਆ ਹੈ ।
ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮਹਾਂਰਾਸ਼ਟਰ ਵਿੱਚ ਸਭ ਤੋਂ ਵੱਧ 548, ਗੁਜਰਾਤ ਵਿੱਚ 290, ਮੱਧ ਪ੍ਰਦੇਸ਼ ਵਿੱਚ 156, ਰਾਜਸਥਾਨ ਵਿੱਚ 71, ਦਿੱਲੀ ਵਿੱਚ 64, ਉੱਤਰ ਪ੍ਰਦੇਸ਼ ਵਿੱਚ 43, ਆਂਧਰਾ ਪ੍ਰਦੇਸ਼ ਵਿੱਚ 33, ਪੱਛਮੀ ਬੰਗਾਲ ਵਿੱਚ 35, ਤਾਮਿਲਨਾਡੂ ਵਿੱਚ 30, ਤੇਲੰਗਾਨਾ ਵਿੱਚ 29, ਕਰਨਾਟਕ ਵਿੱਚ 25 ਮੌਤਾਂ, ਪੰਜਾਬ ਵਿੱਚ 22, ਜੰਮੂ ਕਸ਼ਮੀਰ ਵਿੱਚ 8, ਹਰਿਆਣਾ ਵਿੱਚ 5, ਕੇਰਲ ਵਿੱਚ 4, ਝਾਰਖੰਡ ਵਿੱਚ 3, ਬਿਹਾਰ ਵਿੱਚ 4, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਉੜੀਸਾ ਵਿੱਚ ਇੱਕ-ਇੱਕ ਮੌਤਾਂ ਹੋਈਆਂ ਹਨ ।
ਦਰਅਸਲ, ਦੇਸ਼ ਵਿੱਚ ਕੋਰੋਨਾ ਦਾ ਸਭ ਤੋਂ ਵਧੇਰੇ ਕਹਿਰ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਹਾਲਾਤ ਚਿੰਤਾਜਨਕ ਹੁੰਦੇ ਜਾ ਰਹੇ ਹਨ । ਮਹਾਂਰਾਸ਼ਟਰ ਵਿੱਚ ਪਿਛਲੇ ਇੱਕ ਦਿਨ ਵਿੱਚ 678 ਨਵੇਂ ਮਾਮਲਿਆਂ ਤੋਂ ਬਾਅਦ ਸੂਬੇ ਵਿੱਚ ਪੀੜਤਾਂ ਦੀ ਗਿਣਤੀ 12,974 ‘ਤੇ ਪਹੁੰਚ ਗਈ ਹੈ ਅਤੇ ਇਸ ਦੌਰਾਨ 21 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 548 ਹੋ ਗਈ ਹੈ । ਇਸ ਤੋਂ ਬਾਅਦ ਕੋਰੋਨਾ ਦੇ ਸਭ ਤੋਂ ਵੱਧ ਮਾਮਲਿਆਂ ਵਿੱਚ ਗੁਜਰਾਤ ਦੂਜੇ ਨੰਬਰ ‘ਤੇ ਸਥਿਤ ਹੈ । ਜਿੱਥੇ ਪਿਛਲੇ 24 ਘੰਟਿਆਂ ਦੌਰਾਨ 374 ਨਵੇਂ ਮਾਮਲੇ ਸਾਹਮਣੇ ਆਏ ਹਨ । ਜਿਸ ਤੋਂ ਬਾਅਦ ਗੁਜਰਾਤ ਵਿੱਚ ਪੀੜਤਾਂ ਦੀ ਕੁੱਲ ਗਿਣਤੀ 5,428 ਹੋ ਗਈ ਹੈ ਅਤੇ 28 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 290 ਤੇ ਪਹੁੰਚ ਗਈ ਹੈ ।
ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀ ਹਾਲਾਤ ਚਿੰਤਾਜਨਕ ਬਣੇ ਹੋਏ ਹਨ । ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 427 ਨਵੇਂ ਮਾਮਲੇ ਦਰਜ ਕੀਤੇ ਜਾਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 4,549 ‘ਤੇ ਪਹੁੰਚ ਗਈ ਹੈ । ਦਿੱਲੀ ਵਿੱਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 64 ਹੋ ਗਈ ਹੈ, ਜਦਕਿ ਕੁੱਲ 1,362 ਮਰੀਜ਼ ਠੀਕ ਹੋ ਚੁੱਕੇ ਹਨ ।