Covid-19 India update: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧਦੀ ਹੀ ਜਾ ਰਹੀ ਹੈ । ਪਿਛਲੇ 24 ਘੰਟਿਆਂ ਵਿੱਚ 3525 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 122 ਲੋਕਾਂ ਦੀ ਮੌਤ ਹੋ ਗਈ ਹੈ । ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 74 ਹਜ਼ਾਰ ਨੂੰ ਪਾਰ ਕਰ ਗਈ ਹੈ । ਹੁਣ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਸੰਖਿਆ 74 ਹਜ਼ਾਰ 281 ਨਵੇਂ ਕੇਸ ਹਨ ਅਤੇ 2415 ਲੋਕਾਂ ਦੀ ਮੌਤ ਹੋ ਚੁੱਕੀ ਹੈ । ਉੱਥੇ ਹੀ ਰਾਹਤ ਦੀ ਗੱਲ ਇਹ ਹੈ ਕਿ 24386 ਲੋਕ ਠੀਕ ਵੀ ਹੋ ਚੁੱਕੇ ਹਨ । ਜਿਸ ਤੋਂ ਬਾਅਦ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 47480 ਹੈ ।
ਦਰਅਸਲ, ਦੇਸ਼ ਵਿੱਚ ਕੋਰੋਨਾ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਦੇਸ਼ ਦੇ ਇੱਕ ਤਿਹਾਈ ਮਾਮਲੇ ਇਕੱਲੇ ਮਹਾਂਰਾਸ਼ਟਰ ਵਿੱਚ ਹਨ । ਇੱਥੇ ਮਰੀਜ਼ਾਂ ਦੀ ਕੁੱਲ ਗਿਣਤੀ 24 ਹਜ਼ਾਰ 427 ਹੋ ਗਈ ਹੈ, ਜਦਕਿ 921 ਲੋਕਾਂ ਦੀ ਮੌਤ ਹੋ ਚੁੱਕੀ ਹੈ । ਮਹਾਂਰਾਸ਼ਟਰ ਤੋਂ ਬਾਅਦ ਗੁਜਰਾਤ ਵਿੱਚ ਇਹ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ। ਇੱਥੇ ਹੁਣ ਤੱਕ 8 ਹਜ਼ਾਰ 903 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ 537 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਬਾਅਦ ਤਾਮਿਲਨਾਡੂ ਤੀਜੇ ਨੰਬਰ ‘ਤੇ ਹੈ, ਜਿੱਥੇ 8718 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਵਿੱਚ 61 ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮਹਾਂਰਾਸ਼ਟਰ ਵਿੱਚ ਸਭ ਤੋਂ ਵੱਧ 921, ਗੁਜਰਾਤ ਵਿੱਚ 537, ਮੱਧ ਪ੍ਰਦੇਸ਼ ਵਿੱਚ 225, ਪੱਛਮੀ ਬੰਗਾਲ ਵਿੱਚ 198, ਰਾਜਸਥਾਨ ਵਿੱਚ 117, ਉੱਤਰ ਪ੍ਰਦੇਸ਼ ਵਿੱਚ 82, ਆਂਧਰਾ ਪ੍ਰਦੇਸ਼ ਵਿੱਚ 46, ਤਾਮਿਲਨਾਡੂ ਵਿੱਚ 61, ਤੇਲੰਗਾਨਾ ਵਿੱਚ 32 , ਕਰਨਾਟਕ ਵਿੱਚ 31, ਪੰਜਾਬ ਵਿੱਚ 32, ਜੰਮੂ ਅਤੇ ਕਸ਼ਮੀਰ ਵਿੱਚ 10, ਹਰਿਆਣਾ ਵਿੱਚ 11, ਬਿਹਾਰ ਵਿੱਚ 6, ਕੇਰਲ ਵਿੱਚ 4, ਝਾਰਖੰਡ ਵਿੱਚ 3, ਓਡੀਸ਼ਾ ਵਿੱਚ 3, ਚੰਡੀਗੜ੍ਹ ਵਿੱਚ 3, ਹਿਮਾਚਲ ਪ੍ਰਦੇਸ਼ ਵਿੱਚ 2, ਅਸਾਮ ਵਿੱਚ 2 ਅਤੇ ਮੇਘਾਲਿਆ ਵਿੱਚ ਇੱਕ ਦੀ ਮੌਤ ਹੋਈ ਹੈ ।
ਦੱਸ ਦੇਈਏ ਕਿ ਦੇਸ਼ ਵਿੱਚ ਇਸ ਵਾਇਰਸ ਦੀ ਲਾਗ ਦੀ ਮੌਤ ਦਰ 3.2% ਹੈ । ਉੱਥੇ ਹੀ ਰਿਕਵਰੀ ਰੇਟ 31.74% ਹੈ । ਸੋਮਵਾਰ ਤੱਕ 2.37% ਮਰੀਜ਼ ਆਈਸੀਯੂ ਵਿੱਚ ਸਨ ਜਦੋਂ ਕਿ 0.41% ਵੈਂਟੀਲੇਟਰ ਅਤੇ 1.82% ਆਕਸੀਜਨ ਸਪੋਰਟ ‘ਤੇ ਹਨ. ਭਾਰਤ ਵਿੱਚ ਇਸ ਸਮੇਂ 347 ਸਰਕਾਰੀ ਲੈਬਾਂ ਅਤੇ 137 ਨਿੱਜੀ ਲੈਬ ਹਨ ਜਿੱਥੇ ਕੋਰੋਨਾ ਦੀ ਜਾਂਚ ਕੀਤੀ ਜਾ ਸਕਦੀ ਹੈ ।