Covid-19 patients confirmed : ਮੋਹਾਲੀ ਜਿਹੜਾ ਕੁਝ ਦਿਨ ਪਹਿਲਾਂ ਹੀ ਕੋਰੋਨਾ ਮੁਕਤ ਹੋਇਆ ਸੀ, ਉਸ ਨੂੰ ਦੁਬਾਰਾ ਕੋਰੋਨਾ ਨੇ ਆਪਣੀ ਪਕੜ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ ਤੇ ਕੋਰੋਨਾ ਦੇ ਲਗਾਤਾਰ ਕੇਸ ਵਧਦੇ ਜਾ ਰਹੇ ਹਨ। ਅੱਜ ਇਥੇ 2 ਨਵੇਂ ਕੋਰੋਨਾ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ ਇਕ ਸੈਕਟਰ-71 ਦੀ ਰਹਿਣ ਵਾਲੀ ਔਰਤ ਅਤੇ ਇਕ ਸੈਕਟਰ-77 ਦੇ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਕੁਝ ਦਿਨ ਪਹਿਲਾਂ ਓਮਾਨ ਤੋਂ ਪਰਤੇ 33 ਸਾਲਾ NRI ਅਤੇ ਇਸੇ ਤਰ੍ਹਾਂ ਡੇਰਾਬੱਸੀ ਦੇ ਪਿੰਡ ਦੱਪਰ ਦੀ ਇਕ 29 ਸਾਲਾ ਔਰਤ ਦੀ ਰਿਪੋਰਟ ਵੀ ਪਾਜੀਟਿਵ ਆਈ ਸੀ। ਇਸ ਤਰ੍ਹਾਂ ਮੋਹਾਲੀ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 114 ਹੋ ਗਈ ਹੈ।
24 ਘੰਟਿਆਂ ਦਰਮਿਆਨ ਕੋਰੋਨਾ ਦੇ ਲਗਭਗ ਪੂਰੇ ਦੇਸ਼ ਵਿਚ 7694 ਮਾਮਲੇ ਸਾਹਮਣੇ ਆਏ ਹਨ ਅਤੇ 265 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਵਲੋਂ ਜਾਰੀ ਅੰਕੜਿਆਂ ਮੁਤਾਬਕ ਵੱਖ-ਵੱਖ ਸੂਬਿਆਂ ਵਿਚ ਹੁਣ ਤਕ ਇਸ ਵਾਇਰਸ ਨਾਲ 173763 ਲੋਕ ਇੰਫੈਕਟਿਡ ਹੋਏ ਹਨ ਅਤੇ 4971 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕਲ ਵੀ ਪੰਜਾਬ ਵਿਚ ਕੋਰੋਨਾ ਪਾਜੀਟਿਵ ਦੇ 19 ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਵਿਚ ਅੰਮ੍ਰਿਤਸਰ ਵਿਚ 12, ਜਲੰਧਰ ਵਿਚ 8, ਪਠਾਨਕੋਟ ਵਿਚ 5, ਲੁਧਿਆਣਾ ਵਿਚ 4, ਗੁਰਦਾਸਪੁਰ ਵਿਚ 3, ਐੱਸ. ਏ. ਐੱਸ. ਨਗਰ ਵਿਚ 3, ਮੋਗਾ ਵਿਚ 2, ਰੋਪੜ ਵਿਚ 1 ਮਾਮਲਾ ਸਾਹਮਣੇ ਆਇਆ। ਕਲ ਸੂਬੇ ਵਿਚ ਕੋਰੋਨਾ ਨਾਲ ਦੋ ਮੌਤਾਂ ਇਕ ਲੁਧਿਆਣਾ ਤੇ ਇਕ ਅੰਮ੍ਰਿਤਸਰ ਵਿਖੇ ਹੋਈ ਜਦੋਂ ਕਿ ਕਪੂਰਥਲਾ ਤੋਂ ਦੋ ਮਰੀਜ਼ ਠੀਕ ਹੋਏ ਹਨ। ਪੰਜਾਬ ਵਿਚ ਹੁਣ ਤਕ 2197 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 1949 ਠੀਕ ਹੋ ਗਏ ਹਨ ਜਦੋਂ ਕਿ 44 ਦੀ ਮੌਤ ਹੋ ਚੁੱਕੀ ਹੈ ਤੇ 206 ਐਕਟਿਵ ਮਾਮਲੇ ਹਨ। ਸੂਬੇ ਵਿਚ ਕੁੱਲ 81021 ਲੋਕਾਂ ਦੇ ਸੈਂਪਲ ਹੁਣ ਤਕ ਟੈਸਟ ਲਈ ਭੇਜੇ ਜਾ ਚੁੱਕੇ ਹਨ।