Covid Lockdown may be confined: ਕੇਂਦਰ ਸਰਕਾਰ ਇੱਕ ਨਵੀਂ ਗਾਈਡਲਾਈਨ ‘ਤੇ ਕੰਮ ਕਰ ਰਹੀ ਹੈ ਜਿਸ ਦੇ ਤਹਿਤ 1 ਜੂਨ ਤੋਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਤੋਂ ਲਾਕਡਾਊਨ ਦੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਜਾਣਗੀਆਂ । ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ 13 ਸ਼ਹਿਰਾਂ ਨੂੰ ਛੱਡ ਕੇ ਬਾਕੀ ਸਾਰੇ ਹਿੱਸਿਆਂ ਤੋਂ ਪਾਬੰਦੀਆਂ ਨੂੰ ਹਟਾਇਆ ਜਾ ਸਕਦੇ ਹਨ । ਦੱਸਿਆ ਜਾ ਰਿਹਾ ਹੈ ਕਿ ਹੋਟਲ, ਮਾਲ ਅਤੇ ਰੈਸਟੋਰੈਂਟ ਨੂੰ ਵੀ 1 ਜੂਨ ਤੋਂ ਖੋਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ । ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਦੋਵਾਂ ਨੇਤਾਵਾਂ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ‘ਤੇ ਮੰਥਨ ਕੀਤਾ । ਦੇਸ਼ ਭਰ ਵਿੱਚ ਲਾਗੂ ਕੀਤੇ ਜਾਣ ਵਾਲੇ ਦਿਸ਼ਾ-ਨਿਰਦੇਸ਼ ਅਗਲੇ 15 ਦਿਨਾਂ ਲਈ 31 ਮਈ ਨੂੰ ਜਾਰੀ ਕੀਤੇ ਜਾ ਸਕਦੇ ਹਨ ।
ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ 13 ਸ਼ਹਿਰਾਂ ਵਿੱਚ ਪਾਬੰਦੀਆਂ ਨੂੰ ਜਾਰੀ ਰੱਖਿਆ ਜਾ ਸਕਦਾ ਹੈ । ਇਨ੍ਹਾਂ 13 ਸ਼ਹਿਰਾਂ ਵਿੱਚ ਦਿੱਲੀ, ਮੁੰਬਈ, ਚੇੱਨਈ, ਅਹਿਮਦਾਬਾਦ, ਠਾਣੇ, ਪੁਣੇ, ਹੈਦਰਾਬਾਦ, ਕੋਲਕਾਤਾ / ਹਾਵੜਾ, ਇੰਦੌਰ, ਜੈਪੁਰ, ਜੋਧਪੁਰ, ਚੇਂਗੱਲਪੱਟੂ ਅਤੇ ਤਿਰੂਵੱਲੂਰ ਵਿੱਚ ਪਾਬੰਦੀਆਂ ਨੂੰ ਜਾਰੀ ਰੱਖਿਆ ਜਾ ਸਕਦਾ ਹੈ । ਦਰਅਸਲ, ਸਰਕਾਰ ਵੱਲੋਂ 1 ਜੂਨ ਤੋਂ ਹੋਟਲ, ਮਾਲ, ਰੈਸਟੋਰੈਂਟ ਖੋਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ । ਹਾਲਾਂਕਿ, ਹੋਟਲਾਂ ਨੂੰ ਪੜਾਅ ਵਿੱਚ ਖੋਲ੍ਹ ਦਿੱਤਾ ਜਾਵੇਗਾ । ਇਸ ਬਾਰੇ ਸਰਕਾਰ ਜਲਦ ਫੈਸਲਾ ਲਵੇਗੀ । ਇਸ ਸਮੇਂ ਦੇਸ਼ ਵਿੱਚ ਹਾਸਪੀਟੈਲਿਟੀ ਸਰਵਿਸ ਪੂਰੀ ਤਰ੍ਹਾਂ ਬੰਦ ਹੈ । ਇਸ ਵੇਲੇ ਸਿਰਫ ਉਹ ਹੀ ਹੋਟਲ ਕੰਮ ਕਰ ਰਹੇ ਹਨ ਜਿੱਥੇ ਕੋਰੋਨਾ ਖਿਲਾਫ਼ ਜੰਗ ਵਿੱਚ ਡਟੇ ਪੁਲਿਸ ਮੁਲਾਜ਼ਮਾਂ, ਅਧਿਕਾਰੀਆਂ ਅਤੇ ਸਿਹਤ ਕਰਮਚਾਰੀਆਂ ਨੂੰ ਰੱਖਿਆ ਗਿਆ ਹੈ ।
ਇਸ ਤੋਂ ਜਾਣੂ ਅਧਿਕਾਰੀਆਂ ਨੇ ਈਟੀ ਨੂੰ ਦੱਸਿਆ ਕਿ ਇਹ ਵੀ ਸੰਭਵ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ‘ਮਨ ਕੀ ਬਾਤ’ ਵਿੱਚ ਲਾਕਡਾਊਨ ਦੇ ਅਗਲੇ ਪੜਾਅ ਬਾਰੇ ਕੁਝ ਗੱਲਾਂ ਸਪੱਸ਼ਟ ਕਰਨਗੇ । ਹਾਲਾਂਕਿ ਇਸ ਬਾਰੇ ਅੰਤਮ ਫੈਸਲਾ ਲੈਣਾ ਅਜੇ ਬਾਕੀ ਹੈ । ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਗੱਲ ‘ਤੇ ਚਰਚਾ ਚੱਲ ਹੈ ਕਿ ਕਿਸ ਤਰ੍ਹਾਂ ਹੁਣ ਅੱਗੇ ਲਾਕਡਾਊਨ ਵਰਗੇ ਸ਼ਬਦਾਂ ਦੀ ਵਰਤੋਂ ਤੋਂ ਕਿਵੇਂ ਬਚਿਆ ਜਾਵੇ । ਉਨ੍ਹਾਂ ਦੱਸਿਆ ਕਿ ਰਾਜਾਂ ਨੂੰ ਪੂਰੇ ਅਧਿਕਾਰ ਦਿੱਤੇ ਜਾਣਗੇ ਕਿ ਜੇ ਉਨ੍ਹਾਂ ਨੂੰ ਜਰੂਰੀ ਮਹਿਸੂਸ ਹੋਇਆ ਤਾਂ ਉਹ ਸਖਤੀ ਕਰ ਸਕਦੇ ਹਨ । ਸ਼ਹਿਰਾਂ ਦੇ ਹਾਲਾਤਾਂ ਦੇ ਮੱਦੇਨਜ਼ਰ ਰਾਜ ਇਹ ਫੈਸਲਾ ਕਰਨ ਲਈ ਸੁਤੰਤਰ ਹੋਣਗੇ ਕਿ ਉਥੇ ਦਿੱਤੀ ਗਈ ਢਿੱਲ ਨੂੰ ਹੋਰ ਸਖਤ ਬਣਾਇਆ ਜਾਵੇ ਜਾਂ ਨਹੀਂ । ਇਸ ਤੋਂ ਇਲਾਵਾ ਸੂਤਰਾਂ ਨੇ ਦੱਸਿਆ ਕਿ 1 ਜੂਨ ਤੋਂ ਜ਼ਿਆਦਾਤਰ ਜਨਤਕ ਆਵਾਜਾਈ ਨੂੰ ਸਮਾਜਿਕ ਦੂਰੀਆਂ ਦੇ ਮਿਆਰਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਮੈਟਰੋ ਦੇ ਸੰਚਾਲਨ ਦੀ ਆਗਿਆ ਦੇਣ ਦੀ ਸੰਭਾਵਨਾ ਘੱਟ ਹੈ ।