Daljit Singh Cheema praise : ਚੰਡੀਗੜ੍ਹ ਵਿਖੇ ਕਰਫਿਊ ਹਟਾਉਣ ਦੇ ਫੈਸਲੇ ਦੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਦੀ ਬਹੁਤ ਜ਼ਿਆਦਾ ਜਰੂਰਤ ਸੀ ਅਤੇ ਇਸ ਨਾਲ ਹਾਲਾਤ ਆਮ ਵਰਗੇ ਹੋਣ ਵਿਚ ਮੱਦਦ ਮਿਲੇਗੀ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਅਤੇ ਸਿਹਤ ਸੁਰੱਖਿਆ ਯਕੀਨੀ ਬਣਾਉਣ ਵਿਚ ਲੋੜੀਂਦਾ ਸਤੁੰਲਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਸਿਹਤ ਸੰਬੰਧੀ ਦਿਸ਼ਾ ਨਿਰਦੇਸ਼ਾਂ ਦਾ ਈਮਾਨਦਾਰੀ ਨਾਲ ਪਾਲਣ ਕਰਕੇ ਪ੍ਰਸਾਸ਼ਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਇਸ ਫੈਸਲੇ ਦੀ ਸੰਘੀ ਖੇਤਰ ਦੇ ਪ੍ਰਸਾਸ਼ਕ ਵੀਪੀ ਸਿੰਘ ਬਦਨੌਰ ਨੇ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਫੈਸਲਾ ਲੋਕਾਂ ਦੀਆਂ ਇੱਛਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੇ ਵਾਹਨਾਂ ਉੱਤੇ ਲਾਈ ਪਾਬੰਦੀ ਹਟਾਉਣ ਅਤੇ ਸ਼ਹਿਰ ਦੇ ਵੱਖ ਵੱਖ ਸੈਕਟਰਾਂ ਵਿਚ ਸਥਿਤ ਦੁਕਾਨਾਂ ਨੂੰ ਖੋਲ੍ਹਣ ਦਾ ਸਮਾਂ ਵਧਾਉਣ ਦਾ ਸਹੀ ਫੈਸਲਾ ਲਿਆ ਹੈ। ਸ਼ਹਿਰ ਅੰਦਰ ਕੋਵਿਡ-19 ਸੰਕਟ ਨਾਲ ਨਜਿੱਠਣ ਸਮੇਂ ਨਾਗਰਿਕਾਂ ਨੂੰ ਪਹਿਲ ਦੇਣ ਲਈ ਪ੍ਰਸਾਸ਼ਨ ਦੀ ਸ਼ਲਾਘਾ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਪ੍ਰਸਾਸ਼ਨ ਨੇ ਪਹਿਲਾਂ ਵੀ ਜਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਸੀ, ਜਿਸ ਨਾਲ ਸਾਰੇ ਲੋਕਾਂ ਦਾ ਫਾਇਦਾ ਹੋਇਆ ਸੀ।
ਅਕਾਲੀ ਆਗੂ ਨੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਅਤੇ ਪ੍ਰਸਾਸ਼ਨ ਦੇ ਇਸ ਫੈਸਲੇ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਤਾਂ ਕਿ ਸਥਿਤੀ ਵਿਚ ਲਗਾਤਾਰ ਸੁਧਾਰ ਹੁੰਦਾ ਰਹੇ। ਸ਼ਹਿਰ ਵਿਚ ਕੇਵਲ ਮਨਜ਼ੂਰਸ਼ੁਦਾ ਗਤੀਵਿਧੀਆਂ ਦੇ ਲਈ ਇੰਟਰ ਸਟੇਟ ਟਰੈਵਲ ਨੂੰ ਹੀ ਮਨਜ਼ੂਰੀ ਹੋਵੇਗੀ। ਚੰਡੀਗੜ੍ਹ ਵਿਚ ਮੋਹਾਲੀ ਅਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਕੀਤੇ ਗਏ ਪਰਮਿਟ ਹੀ ਮੰਨੇ ਜਾਣਗੇ। ਚੰਡੀਗੜ੍ਹ ਦੇ ਐਂਟਰੀ ਪੁਆਇੰਟ ਉਤੇ ਥਰਮਲ ਸਕੈਨਿੰਗ ਹੋਵਗੀ। ਸ਼ਰਾਬ ਦੇ ਅਹਾਤੇ ਨਹੀਂ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਸਾਨੂੰ ਇਸ ਸਿਹਤ ਸੁਰੱਖਿਆ ਸੰਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣਾ ਕਰਨਾ ਚਾਹੀਦੀ ਹੈ ਜੋ ਪ੍ਰਸ਼ਾਸਨ ਵਲੋਂ ਲਿਆ ਗਿਆ ਇਹ ਫੈਸਲਾ ਸਾਰਿਆਂ ਲਈ ਸਹੀ ਸਾਬਤ ਹੋ ਸਕੇ।