Delhi Docs civic hospitals: ਨਵੀਂ ਦਿੱਲੀ: ਉੱਤਰੀ ਦਿੱਲੀ ਨਗਰ ਨਿਗਮ ਦੇ ਤਹਿਤ ਆਉਣ ਵਾਲੇ ਹਸਪਤਾਲਾਂ ਦੇ ਡਾਕਟਰਾਂ ਦੇ ਇੱਕ ਸੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ । ਇਸ ਪੱਤਰ ਵਿੱਚ ਡਾਕਟਰਾਂ ਨੇ ਕਿਹਾ ਹੈ ਕਿ ਉੱਤਰੀ ਦਿੱਲੀ ਨਗਰ ਨਿਗਮ ਦੇ ਹਸਪਤਾਲਾਂ ਦੇ ਡਾਕਟਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਹੈ । ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਮਿਊਂਸੀਪਲ ਕਾਰਪੋਰੇਸ਼ਨ ਡਾਕਟਰ ਐਸੋਸੀਏਸ਼ਨ ਨੇ ਪਿਛਲੇ ਹਫਤੇ ਈ-ਮੇਲ ਤੋਂ ਇਹ ਪੱਤਰ ਭੇਜਿਆ ਹੈ । ਇਸ ਸਬੰਧੀ ਐਸੋਸੀਏਸ਼ਨ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਅਸੀਂ ਬਹੁਤ ਹੀ ਤਣਾਅਪੂਰਨ ਹਾਲਤ ਵਿੱਚ ਕੰਮ ਕਰ ਰਹੇ ਹਾਂ ।
ਇਸ ਬਾਰੇ ਐਸੋਸੀਏਸ਼ਨ ਦੇ ਪ੍ਰਧਾਨ ਡਾ.ਆਰ.ਆਰ. ਗੌਤਮ ਨੇ ਕਿਹਾ ਕਿ ਸਾਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਹੈ ਅਤੇ ਡਾਕਟਰ ਦੇ ਤੌਰ ‘ਤੇ ਅਸੀਂ ਮਰੀਜ਼ਾਂ ਦੀ ਸੇਵਾ ਕਰਨ ਦਾ ਆਪਣਾ ਕਰਤੱਵ ਜਾਣਦੇ ਹਾਂ । ਅਸੀਂ ਜ਼ਿਆਦਾ ਕੁਝ ਨਹੀਂ ਸਿਰਫ਼ ਆਪਣੀ ਤਨਖਾਹ ਮੰਗ ਕਰ ਰਹੇ ਹਾਂ । ਹਾਲਾਂਕਿ ਇਸ ਤੇ ਉੱਤਰੀ ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ।
ਉੱਥੇ ਹੀ ਦੂਜੇ ਪਾਸੇ ਕੋਰੋਨਾ ਵਿਰੁੱਧ ਸਿੱਧੀ ਜੰਗ ਲੜ ਰਹੇ ਕੋਵਿਡ-19 ਯੋਧਿਆਂ ਲਈ ਵੀ ਕੇਜਰੀਵਾਲ ਸਰਕਾਰ ਨੇ ਸਖਤ ਕਦਮ ਚੁੱਕੇ ਹਨ । ਕੋਰੋਨਾ ਯੋਧੇ ਜੇਕਰ ਕੋਵਿਡ-19 ਨਾਲ ਬੀਮਾਰ ਹੁੰਦਾ ਹੈ ਤਾਂ ਫਾਈਵ ਸਟਾਰ ਵਿੱਚ ਇਲਾਜ ਦੀ ਵਿਵਸਥਾ ਕੀਤੀ ਜਾਵੇਗੀ । ਉਨਾਂ ਲਈ ਫਾਈਵ ਸਟਾਰ ਹੋਟਲ ਵਿੱਚ ਕੁਆਰੰਟੀਨ ਦੀ ਸਹੂਲਤ ਹੋਵੇਗੀ । ਇਸ ਤੋਂ ਇਲਾਵਾ ਕਿਸੇ ਦੇ ਮੌਤ ਹੋਣ ‘ਤੇ ਪਰਿਵਾਰ ਨੂੰ ਇੱਕ ਕਰੋੜ ਦੀ ਸਨਮਾਨ ਰਾਸ਼ੀ ਵੀ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਭਾਰਤ ਵਿੱਚ 70 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ । ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸੋਮਵਾਰ ਨੂੰ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 7,233 ਤੱਕ ਪਹੁੰਚ ਗਈ ਹੈ, ਜਦੋਂ ਕਿ ਇਸ ਭਿਆਨਕ ਮਹਾਂਮਾਰੀ ਕਾਰਨ 73 ਵਿਅਕਤੀਆਂ ਦੀ ਮੌਤ ਹੋ ਗਈ ਹੈ ।