Delhi-Noida Border Stay Closed: ਨਵੀਂ ਦਿੱਲੀ: ਅੱਜ ਤੋਂ ਲਾਕਡਾਊਨ ਵਿੱਚ ਰਿਆਇਤਾਂ ਦਾ ਦਾਇਰਾ ਵੱਧ ਗਿਆ ਹੈ । ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਸਰਕਾਰ ਦੀ ਅਨਲਾਕ-1 ਐਡਵਾਈਜ਼ਰੀ ਲਾਗੂ ਹੋ ਗਈ ਹੈ। ਪਰ ਉੱਤਰ ਪ੍ਰਦੇਸ਼ ਦੇ ਡੀਐਮ ਦੇ ਇੱਕ ਨਿਰਦੇਸ਼ ਨੇ ਦਿੱਲੀ ਅਤੇ ਨੋਇਡਾ ਵਿੱਚ ਕੰਮ ਕਰਨ ਵਾਲਿਆਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ । ਸਵੇਰ ਤੋਂ ਹੀ ਦਿੱਲੀ-ਨੋਇਡਾ ਬਾਰਡਰ ‘ਤੇ ਵਾਹਨਾਂ ਦੀ ਕਤਾਰ ਲੱਗ ਗਈ ਹੈ। ਇਸ ਸਬੰਧੀ ਨੋਇਡਾ ਦੇ ਜ਼ਿਲ੍ਹਾ ਮੈਜਿਸਟਰੇਟ ਸੁਹਾਸ ਐਲ ਵਾਈ ਨੇ ਟਵਿੱਟਰ ‘ਤੇ ਅਨਲਾਕ-1 ਬਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ । ਡੀਐਮ ਨੇ ਦੱਸਿਆ ਕਿ ਨੋਇਡਾ ਅਤੇ ਦਿੱਲੀ ਦੀ ਸਰਹੱਦ ਪਹਿਲਾਂ ਵਾਂਗ ਹੀ ਸੀਲ ਰਹੇਗੀ ।
ਦਰਅਸਲ, ਇਸ ਫੈਸਲੇ ਪਿੱਛੇ ਤਰਕ ਇਹ ਹੈ ਕਿ ਪਿਛਲੇ 20 ਦਿਨਾਂ ਵਿੱਚ ਕੋਰੋਨਾ ਦੇ ਜਿੰਨੇ ਵੀ ਕੇਸ ਨੋਇਡਾ ਵਿੱਚ ਦਰਜ ਕੀਤੇ ਗਏ, ਉਨ੍ਹਾਂ ਵਿਚੋਂ 42 ਪ੍ਰਤੀਸ਼ਤ ਦਾ ਸਰੋਤ ਦਿੱਲੀ ਪਾਇਆ ਗਿਆ ਹੈ। ਨੋਇਡਾ ਪ੍ਰਸਾਸ਼ਨ ਦੇ ਇਸ ਫੈਸਲੇ ‘ਤੇ ਟਵਿੱਟਰ ‘ਤੇ ਲੋਕ ਸਵਾਲ ਪੁੱਛ ਰਹੇ ਹਨ । ਲੋਕਾਂ ਨੇ ਕਿਹਾ, ਤੁਹਾਡੇ ਆਦੇਸ਼ ਦੇ ਅਨੁਸਾਰ ਜੇ ਸਰਹੱਦ ਪਹਿਲਾਂ ਹੀ ਸੀਲ ਕਰ ਦਿੱਤੀ ਗਈ ਸੀ, ਤਾਂ ਪਿਛਲੇ 20 ਦਿਨਾਂ ਵਿੱਚ ਨੋਇਡਾ ਵਿੱਚ 42% ਕੇਸ ਦਿੱਲੀ ਤੋਂ ਕਿਵੇਂ ਆਏ?
ਦੱਸ ਦੇਈਏ ਕਿ ਡੀਐਮ ਸਹਿਬ ਦੇ ਇਸ ਆਦੇਸ਼ ਨਾਲ ਨੋਇਡਾ ਅਤੇ ਦਿੱਲੀ ਵਿੱਚ ਕੰਮ ਕਰਨ ਵਾਲਿਆਂ ਦੀ ਮੁਸੀਬਤ ਹੁਣ ਵਧਣ ਵਾਲੀ ਹੈ । ਲੱਖਾਂ ਦੀ ਗਿਣਤੀ ਵਿੱਚ ਲੋਕ ਨੌਕਰੀ ਲਈ ਨੋਇਡਾ ਜਾਂ ਨੋਇਡਾ ਤੋਂ ਦਿੱਲੀ ਜਾਂਦੇ ਹਨ । ਇੱਕ ਅੰਕੜੇ ਅਨੁਸਾਰ DND ਫਲਾਈਓਵਰ, ਮਹਾਮਾਇਆ ਫਲਾਈਓਵਰ ਅਤੇ ਨੋਇਡਾ ਐਂਟਰੀ ਗੇਟ ਤੋਂ ਰੋਜ਼ਾਨਾ ਲਗਭਗ 6 ਲੱਖ ਲੋਕ ਦਿੱਲੀ-ਨੋਇਡਾ ਦੇ ਵਿਚਕਾਰ ਯਾਤਰਾ ਕਰਦੇ ਹਨ । ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਅਜਿਹੇ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ ।