Deputy Commission of Panipat : ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਇਸ ਦੀ ਲਪੇਟ ਵਿੱਚ ਵੱਡੀ ਗਿਣਤੀ ਵਿੱਚ ਲੋਕ ਆ ਰਹੇ ਹਨ। ਇੱਕ ਤਾਂ ਪਹਿਲਾਂ ਹੀ ਲੋਕ ਇਸ ਮਹਾਮਾਰੀ ਤੋਂ ਪ੍ਰੇਸ਼ਾਨ ਤੇ ਡਰੇ ਹੋਏ ਹਨ, ਹਸਪਤਾਲਾਂ ਵਿੱਚ ਬੈੱਡ ਨਹੀਂ ਮਿਲ ਰਹੇ ਹਨ, ਸੂਬੇ ਆਕਸੀਜਨ ਦੀ ਕਿੱਲਤ ਨਾਲ ਜੂਝ ਰਹੇ ਹਨ, ਉੱਤੋਂ ਮਰੀਜ਼ਾਂ ਦੀ ਮਜਬੂਰ ਦਾ ਫਾਇਦਾ ਚੁੱਕ ਕੇ ਐਂਬੂਲੈਂਸ ਚਾਲਕ ਵੀ ਆਪਣੀਆਂ ਜੇਬਾਂ ਭਰਨ ’ਤੇ ਲੱਗੇ ਹੋਏ ਹਨ।
ਅਜਿਹੇ ਹੀ ਕਈ ਮਾਮਲੇ ਪਾਨੀਪਤ ਜ਼ਿਲ੍ਹੇ ਵਿੱਚ ਸਾਹਮਣੇ ਆਏ ਹਨ, ਜਿਸ ਦੇ ਚੱਲਦਿਆਂ ਇਥੇ ਦੇ ਡਿਪਟੀ ਕਮਿਸ਼ਨਰ ਧਰਮਿੰਦਰ ਸਿੰਘ ਨੇ ਐਂਬੂਲੈਂਸਾਂ ਦੇ ਰੇਟ ਤੈਅ ਕਰ ਦਿੱਤੇ ਹਨ। ਇਨ੍ਹਾਂ ਨਵੇਂ ਰੇਟਾਂ ਮੁਤਾਬਕ ਹੁਣ ਮਰੀਜ਼ਾਂ ਨੂੰ ਲਿਆਉਣ ਲਈ ਅਡਵਾਂਸ ਲਾਈਫ ਸਪੋਰਟ ਐਂਬੂਲੈਂਸ (ALS) 30 ਰੁਪਏ ਪ੍ਰਤੀ ਕਿਲੋਮੀਟਰ, ਬੇਸਿਕ ਲਾਈਫ ਸਪੋਰਟ ਐਂਬੂਲੈਂਸ (BLS) 15 ਰੁਪਏ ਪ੍ਰਤੀ ਕਿਲੋਮੀਟਰ ਤੇ ਸ਼ਹਿਰ ਵਿੱਚ ਲੋਕਲ 10 ਕਿਲੋਮੀਟਰ 500 ਰੁਪਏ ਚਾਰਜ ਕਰ ਸਕੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਸੂਬੇ ਦੇ ਅੰਦਰੋਂ ਤੇ ਬਾਹਰੋਂ ਮਰੀਜ਼ਾਂ ਨੂੰ ਲਿਆਉਣ ਲਈ ਆਮ ਲੋਕਾਂ ਕੋਲੋਂ ਲੋੜ ਤੋਂ ਵੱਧ ਚਾਰਜ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦੌਰਾਨ ਆਮ ਲੋਕ ਪਹਿਲਾਂ ਹੀ ਮਾਲੀ ਬੋਝ ਨਾਲ ਦੱਬੇ ਹੋਏ ਹਨ, ਜੋਕਿ ਇੱਕ ਗੰਭੀਰ ਵਿਸ਼ਾ ਹੈ। ਇਸ ਲਈ ਪਾਨੀਪਤ ਜ਼ਿਲ੍ਹੇ ਵਿੱਚ ਮਰੀਜ਼ਾਂ ਨੂੰ ਲਿਆਉਣ ਲਈ ਰੇਟ ਤੈਅ ਕੀਤੇ ਗਏ ਹਨ। ਦੱਸਣਯੋਗ ਹੈ ਕਿ ਭਾਰਤ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।