Dharamsot arrives on behalf of Captain : ਡਿਊਟੀ ਦੌਰਾਨ ਸ਼ਹੀਦ ਹੋਏ ਪਟਿਆਲਾ-ਬਲਬੇੜਾ ਰੋਡ ‘ਤੇ ਸਥਿਤ ਪਿੰਡ ਮਰਦਾਂਹੇੜੀ ਦਾ ਵਸਨੀਕ ਅਤੇ ਭਾਰਤੀ ਫ਼ੌਜ ਦੀ 58 ਇੰਜੀਨੀਅਰ ਰੈਜੀਮੈਂਟ ਦਾ ਲਾਂਸ ਨਾਇਕ 24 ਸਾਲਾ ਸਲੀਮ ਖ਼ਾਨ ਨਮਿਤ ਖ਼ਤਮ ਸ਼ਰੀਫ਼ ਦੀ ਦੂਆ ਦੀ ਰਸਮ ਅਤੇ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰੇਗੀ। ਸ. ਧਰਸਮੋਤ ਨੇ ਕਿਹਾ ਕਿ ਪੰਜਾਬ ਸਰਕਾਰ ਸਲੀਮ ਖ਼ਾਨ ਦੇ ਪਰਿਵਾਰ ਨੂੰ ਵੀ 50 ਲੱਖ ਰੁਪਏ ਅਤੇ ਇੱਕ ਯੋਗ ਜੀਅ ਨੂੰ ਨੌਕਰੀ ਦੇਵੇਗੀ। ਸ. ਧਰਮਸੋਤ ਨੇ ਕਿਹਾ ਕਿ ਸ਼ਹੀਦ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਮੋੜਿਆ ਜਾ ਸਕਦਾ ਪਰੰਤੂ ਫੇਰ ਵੀ ਪੰਜਾਬ ਸਰਕਾਰ ਨੇ ਪਿੰਡ ਮਰਦਾਂਹੇੜੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਅਪਗ੍ਰੇਡ ਕਰਕੇ ਇਸਦਾ ਨਾਮਕਰਨ ਸ਼ਹੀਦ ਸਲੀਮ ਖ਼ਾਨ ਦੇ ਨਾਮ ‘ਤੇ ਕਰ ਦਿੱਤਾ ਹੈ ਅਤੇ ਇਸ ਤੋਂ ਬਿਨ੍ਹਾਂ ਜੋ-ਜੋ ਮੰਗਾਂ ਪਿੰਡ ਦੀ ਪੰਚਾਇਤ ਅਤੇ ਪਰਿਵਾਰ ਦੀ ਤਰਫ਼ੋਂ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਹਲਕਾ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਰੱਖੀਆਂ ਸਨ, ਉਨ੍ਹਾਂ ਨੂੰ ਵੀ ਪਰਵਾਨ ਕੀਤਾ ਗਿਆ ਹੈ।
ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਨੇ ਆਪਣਾ ਬਣਦਾ ਫ਼ਰਜ਼ ਨਿਭਾਇਆ ਹੈ ਹੁਣ ਕੇਂਦਰ ਸਰਕਾਰ ‘ਚ ਭਾਈਵਾਲਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਕੇਂਦਰੀ ਸਰਕਾਰ ‘ਤੇ ਦਬਾਅ ਬਣਾ ਕੇ ਸ਼ਹੀਦਾਂ ਲਈ ਕੁਝ ਵੱਡਾ ਕਰਕੇ ਦਿਖਾਉਣ। ਉਨ੍ਹਾਂ ਕਿਹਾ ਕਿ ਸਲੀਮ ਖ਼ਾਨ ਨੇ ਵੱਡਾ ਨਾਮ ਕਮਾਇਆ ਹੈ ਅਤੇ ਇਸਦਾ ਨਾਮ ਦੇਸ਼ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਤੇ ਉਕਰਿਆ ਜਾਵੇਗਾ। ਸ. ਧਰਮਸੋਤ ਨੇ ਸਲੀਮ ਖ਼ਾਨ ਦੀ ਮਾਤਾ ਨਸੀਮਾ ਬੇਗਮ ਨੂੰ 50 ਲੱਖ ਰੁਪਏ ਦੀ ਪਹਿਲੀ ਕਿਸ਼ਤ ਵਜੋਂ 5 ਲੱਖ ਰੁਪਏ ਦਾ ਚੈਕ ਵੀ ਸੌਂਪਿਆ। ਇਸ ਮੌਕੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸ. ਹਰਿੰਦਰਪਾਲ ਸਿੰਘ ਹੈਰੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਸ਼ਹੀਦ ਦੇ ਪਿੰਡ ਮਰਦਾਂਹੇੜੀ ਦੇ ਸਮੁੱਚੇ ਵਿਕਾਸ ਅਤੇ ਸ਼ਹੀਦ ਦੀ ਯਾਦ ਨੂੰ ਸਦੀਵੀ ਬਣਾਉਣ ਲਈ 2 ਕਰੋੜ 4 ਲੱਖ ਰੁਪਏ ਖ਼ਰਚੇ ਜਾਣਗੇ।
ਉਨ੍ਹਾਂ ਵਿਸਥਾਰ ‘ਚ ਦੱਸਿਆ ਕਿ ਸ਼ਹੀਦ ਦੇ ਨਾ ‘ਤੇ ਯਾਦਗਾਰੀ ਗੇਟ, 1.47 ਕਰੋੜ ਰੁਪਏ ਦੀ ਲਾਗਤ ਨਾਲ ਚੀਕਾ ਤੋਂ ਮਰਦਾਹੇੜੀ, ਡਕਾਲਾ ਸੜਕ ਸਮੇਤ ਦੋ ਪਿੰਡ ‘ਚ ਛੋਟੀਆਂ ਸੜਕਾਂ ਸ਼ਹੀਦ ਦੇ ਘਰ ਤੋਂ ਅਤੇ ਸਕੂਲ ਤੋਂ ਸੜਕ ਦੇ ਨਿਰਮਾਣ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ। ਕਬਰਿਸਤਾਨ ‘ਚ ਸ਼ੈਡ, ਸਕੂਲ ‘ਚ ਦੋ ਕਮਰੇ, ਖੇਡ ਸਟੇਡੀਅਮ, ਸਕੂਲ ਦੇ ਵਿਕਾਸ ਲਈ ਗ੍ਰਾਂਟ ਆਦਿ ਕੰਮ ਵੀ ਸ਼ਾਮਲ ਹਨ। ਇਸ ਮੌਕੇ ਅਕਾਲੀ ਲੀਡਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਐਮ.ਐਲ.ਏ ਸਨੌਰ ਹਰਿੰਦਰਪਾਲ ਚੰਦੂਮਾਜਰਾ, ਕਾਕਾ ਰਾਜਿੰਦਰ ਸਿੰਘ, ਮੁਹੰਮਦ ਸਦੀਕ ਤੋਂ ਇਲਾਵਾ ਪ੍ਰਸ਼ਾਸਨਿਕ ਸ਼ਖ਼ਸੀਅਤਾਂ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਗਏ।