ecb informs: ਕੋਰੋਨਾ ਵਾਇਰਸ ਦੀ ਤਬਾਹੀ ਕਾਰਨ 13 ਮਾਰਚ ਤੋਂ ਬਾਅਦ ਪੂਰੇ ਵਿਸ਼ਵ ਵਿੱਚ ਕੋਈ ਵੀ ਅੰਤਰਰਾਸ਼ਟਰੀ ਕ੍ਰਿਕਟ ਮੈਚ ਨਹੀਂ ਖੇਡਿਆ ਗਿਆ ਹੈ। ਜ਼ਿਆਦਾਤਰ ਦੇਸ਼ਾਂ ਵਿੱਚ ਤਾਲਾਬੰਦੀ ਕਾਰਨ, ਖਿਡਾਰੀਆਂ ਨੂੰ ਟ੍ਰੇਨਿੰਗ ਦਾ ਮੌਕਾ ਵੀ ਨਹੀਂ ਮਿਲ ਰਿਹਾ ਹੈ। ਪਰ ਹੁਣ ਇੰਗਲੈਂਡ, ਆਸਟ੍ਰੇਲੀਆ ਸਮੇਤ ਕਈ ਵੱਡੇ ਦੇਸ਼ਾਂ ਨੇ ਖੇਡ ਨੂੰ ਮੁੜ ਲੀਹ ‘ਤੇ ਲਿਆਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇੰਗਲੈਂਡ ਦੇ ਕ੍ਰਿਕਟਰ ਅਗਲੇ ਹਫਤੇ ਤੋਂ ਨਿੱਜੀ ਟ੍ਰੇਨਿੰਗ ਸ਼ੁਰੂ ਕਰਨਗੇ।
ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਅਗਲੇ ਹਫਤੇ ਤੋਂ ਟ੍ਰੇਨਿੰਗ ’ਤੇ ਵਾਪਸ ਆਉਣ ਵਾਲੇ ਖਿਡਾਰੀਆਂ ਬਾਰੇ ਜਾਣਕਾਰੀ ਦਿੱਤੀ ਹੈ। ਇੰਗਲੈਂਡ ਕ੍ਰਿਕਟ ਦੇ ਨਿਰਦੇਸ਼ਕ ਐਸ਼ਲੇ ਗਾਈਲੇਸ ਨੇ ਕਿਹਾ, “ਇਹ ਖੇਡ ਦੀ ਵਾਪਸੀ ਲਈ ਚੁੱਕੇ ਗਏ ਸ਼ੁਰੂਆਤੀ ਕਦਮ ਹਨ।” ਮਿਲੀ ਜਾਣਕਾਰੀ ਦੇ ਅਨੁਸਾਰ ਗੇਂਦਬਾਜ਼ ਵੱਖ-ਵੱਖ ਕਾਉਂਟੀ ਮੈਦਾਨਾਂ ‘ਤੇ ਅਭਿਆਸ ਕਰਨਗੇ ਅਤੇ ਇਸ ਸਮੇਂ ਦੌਰਾਨ ਜ਼ਰੂਰਤ ਪੈਣ ‘ਤੇ ਕੋਚ, ਫਿਜ਼ੀਓ ਅਤੇ ਸਟਰੈਨਥ ਐਂਡ ਕੰਡੀਸ਼ਨਿੰਗ ਕੋਚ ਵੀ ਉਨ੍ਹਾਂ ਨਾਲ ਹੋਣਗੇ। ਬਾਕੀ ਦੂਸਰੇ ਖਿਡਾਰੀ ਦੋ ਹਫ਼ਤਿਆਂ ਬਾਅਦ ਅਭਿਆਸ ਵਿੱਚ ਵਾਪਿਸ ਆਉਣਗੇ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਕੋਰੋਨਵਾਇਰਸ ਕਾਰਨ ਖੇਡ ਦੀ ਸੁਰੱਖਿਅਤ ਵਾਪਸੀ ਲਈ ਸਰਕਾਰ ਨਾਲ ਨੇੜਿਓਂ ਕੰਮ ਕਰ ਰਿਹਾ ਹੈ। ਮਾਰਚ ਦੇ ਅੱਧ ਤੋਂ ਇੰਗਲੈਂਡ ਵਿੱਚ ਕ੍ਰਿਕਟ ਦੀਆਂ ਹਰ ਤਰਾਂ ਦੀਆਂ ਗਤੀਵਿਧੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਈਸੀਬੀ ਨੇ ਕਿਹਾ ਹੈ ਕਿ ਪੇਸ਼ੇਵਰ ਕ੍ਰਿਕਟ ਦੀਆਂ ਸਾਰੀਆਂ ਕਿਸਮਾਂ 1 ਜੁਲਾਈ ਤੱਕ ਲਈ ਮੁਅੱਤਲ ਰਹਿਣਗੀਆਂ।
ਭਾਰਤੀ ਕ੍ਰਿਕਟਰ ਵੀ ਕਰ ਸਕਦੇ ਹਨ, ਟ੍ਰੇਨਿੰਗ। ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਕਿ 18 ਮਈ ਤੋਂ ਸ਼ੁਰੂ ਹੋਣ ਵਾਲੇ ਲੌਕਡਾਊਨ 4.0 ਦੌਰਾਨ ਟੀਮ ਇੰਡੀਆ ਦੇ ਕ੍ਰਿਕਟਰਾਂ ਨੂੰ ਵੀ ਟ੍ਰੇਨਿੰਗ ਦੀ ਆਜ਼ਾਦੀ ਦਿੱਤੀ ਜਾ ਸਕਦੀ ਹੈ। ਬੀਸੀਸੀਆਈ ਸਰਕਾਰ ਨਾਲ ਖਿਡਾਰੀਆਂ ਦੀ ਟ੍ਰੇਨਿੰਗ ਫਿਰ ਤੋਂ ਸ਼ੁਰੂ ਕਰਨ ਲਈ ਗੱਲਬਾਤ ਕਰ ਰਿਹਾ ਹੈ। ਬੀਸੀਸੀਆਈ ਨੇ ਦੱਸਿਆ ਹੈ ਕਿ ਖਿਡਾਰੀ ਆਪਣੇ ਘਰਾਂ ਨੇੜੇ ਕ੍ਰਿਕਟ ਸਟੇਡੀਅਮ ਵਿੱਚ ਜਲਦੀ ਤਿਆਰੀ ਸ਼ੁਰੂ ਕਰ ਸਕਦੇ ਹਨ।