Efforts of state government : ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਨੀਵਾਰ ਨੂੰ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਨਿਯੁਕਤ ਕੀਤੇ ਕੋਆਰਡੀਨੇਟਰਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਟਿੰਗ ਕਰ ਕੇ ਕੋਵਿਡ-19 ਸੰਕਟ ਕਾਰਨ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਨੂੰ ਵਾਪਸ ਦੇਸ਼ ਲਿਆਉਣ ਅਤੇ ਪੰਜਾਬ ਆਏ ਪ੍ਰਵਾਸੀ ਭਾਰਤੀਆਂ ਨੂੰ ਆਪੋ-ਆਪਣੇ ਮੁਲਕਾਂ ਵਿੱਚ ਭੇਜਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਕੋਆਰਡੀਨੇਟਰਾਂ ਨੇ ਪੰਜਾਬ ਸਰਕਾਰ ਵੱਲੋਂ ਵਿਦੇਸ਼ੀਆਂ ਅਤੇ ਪ੍ਰਵਾਸੀਆਂ ਦੀ ਇਸ ਔਖੀ ਘੜੀ ਵਿੱਚ ਕੀਤੀ ਜਾ ਰਹੀ ਮਦਦ ਲਈ ਰਾਣਾ ਸੋਢੀ ਦਾ ਧੰਨਵਾਦ ਵੀ ਕੀਤਾ। ਮੀਟਿੰਗ ਦੌਰਾਨ ਰਾਣਾ ਸੋਢੀ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹੈ ਅਤੇ ਲਗਾਤਾਰ ਪੰਜਾਬੀ ਵਤਨ ਪਰਤ ਰਹੇ ਹਨ। ਉਨਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਨ੍ਹਾਂ ਪੰਜਾਬੀਆਂ ਨੂੰ ਵਾਪਸੀ ਉਤੇ ਸਬੰਧਤ ਸ਼ਹਿਰ ਵਿੱਚ ਹੀ ਹਵਾਈ ਅੱਡੇ ਤੋਂ ਬਾਹਰ ਆਉਣ ਉਤੇ 14 ਦਿਨਾਂ ਲਈ ਏਕਾਂਤਵਾਸ ਉਤੇ ਭੇਜਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਸਭ ਹੋਟਲਾਂ ਵਿੱਚ ਠਹਿਰ ਰਹੇ ਹਨ ਅਤੇ ਜਿਹੜੇ ਜ਼ਰੂਰਤਮੰਦ ਲੋਕ ਹੋਟਲਾਂ ਦਾ ਖਰਚਾ ਨਹੀਂ ਉਠਾ ਸਕਦੇ, ਉਨ੍ਹਾਂ ਲਈ ਸੂਬਾ ਸਰਕਾਰ ਵੱਲੋਂ ਹੋਸਟਲ ਅਤੇ ਵੱਖ-ਵੱਖ ਸੰਸਥਾਵਾਂ ਵਿੱਚ ਠਹਿਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿੱਥੇ ਸਿਰਫ ਥੋੜ੍ਹੀ ਜਿਹੀ ਰਕਮ ਖਾਣੇ ਦੀ ਵਸੂਲੀ ਜਾ ਰਹੀ ਹੈ। ਕੋਆਰਡੀਨੇਟਰਾਂ ਵੱਲੋਂ ਮਿਲੇ ਸੁਝਾਅ ਉਤੇ ਰਾਣਾ ਸੋਢੀ ਨੇ ਕਿਹਾ ਕਿ ਉਹ ਲੋੜਵੰਦਾਂ ਲਈ ਠਹਿਰਨ ਦੇ ਪ੍ਰਬੰਧ ਮੁਫ਼ਤ ਕਰਨ ਲਈ ਮੁੱਖ ਮੰਤਰੀ ਜੀ ਨਾਲ ਗੱਲ ਕਰਨਗੇ ਅਤੇ ਮੀਟਿੰਗ ਵਿੱਚ ਉਨ੍ਹਾਂ ਵਿਭਾਗ ਦੇ ਸਕੱਤਰ ਸ਼੍ਰੀ ਰਾਹੁਲ ਭੰਡਾਰੀ ਨੂੰ ਕਿਹਾ ਕਿ ਉਹ ਅਜਿਹੇ ਵਿਅਕਤੀਆਂ ਦੇ ਠਹਿਰਨ ਲਈ ਸਰਕਾਰੀ ਗੈਸਟ ਹਾਊਸ ਆਦਿ ਵਿੱਚ ਪ੍ਰਬੰਧ ਦੇਖਣ। ਇਸੇ ਤਰ੍ਹਾਂ ਦੁਨੀਆ ਦੇ ਕਈ ਸ਼ਹਿਰਾਂ ਵਿੱਚ ਥੋੜ੍ਹੀ ਗਿਣਤੀ ਵਿੱਚ ਫਸੇ ਭਾਰਤੀਆਂ ਲਈ ਵਿਸ਼ੇਸ਼ ਫਲਾਈਟ ਦਾ ਪ੍ਰਬੰਧ ਕੀਤਾ ਜਾਵੇ।
ਕੋਆਰਡੀਨੇਟਰਾਂ ਨੇ ਦੱਸਿਆ ਕਿ ਯਾਤਰੀਆਂ ਦੀ ਗਿਣਤੀ ਸਮਰੱਥਾ ਨਾਲੋਂ ਵੱਧ ਹੋਣ ਦੀ ਸੂਰਤ ਵਿੱਚ ਉਹ ਲੋੜਵੰਦ, ਬਜ਼ੁਰਗ, ਔਰਤਾਂ, ਬੱਚੇ ਅਤੇ ਮਰੀਜ਼ ਵਿਅਕਤੀਆਂ ਨੂੰ ਪਹਿਲ ਦੇ ਰਹੇ ਹਨ। ਰਾਣਾ ਸੋਢੀ ਨੇ ਕੋਆਰਡੀਨੇਟਰਾਂ ਨੂੰ ਇਹ ਵੀ ਕਿਹਾ ਕਿ ਜਿਹੜੇ ਵਿਦੇਸ਼ਾਂ ਵਿੱਚ ਪੜ੍ਹਨ ਗਏ ਵਿਦਿਆਰਥੀ ਐਡਵਾਂਸ ਫੀਸਾਂ ਜਮਾਂ ਕਰਵਾ ਚੁੱਕੇ ਹਨ ਪਰ ਹੁਣ ਉਨ੍ਹਾਂ ਨੂੰ ਲੌਕਡਾਊਨ ਦੇ ਚੱਲਦਿਆਂ ਮਜਬੂਰੀਬੱਸ ਵਾਪਸ ਆਉਣਾ ਪੈ ਰਿਹਾ ਹੈ, ਉਨ੍ਹਾਂ ਦੀਆਂ ਜਮਾਂ ਕਰਵਾਈਆਂ ਫੀਸਾਂ ਦੀ ਭਵਿੱਖ ਵਿੱਚ ਸੈਟਲਮੈਂਟ ਕਰਨ ਲਈ ਸਬੰਧਤ ਸਰਕਾਰਾਂ ਕੋਲ ਪਹੁੰਚ ਬਣਾਈ ਜਾਵੇ। ਮੀਟਿੰਗ ਵਿੱਚ ਭਾਰਤ ਵਿੱਚ ਫਸੇ ਪ੍ਰਵਾਸੀ ਭਾਰਤੀਆਂ ਦਾ ਮੁੱਦਾ ਵੀ ਵਿਚਾਰਿਆ ਗਿਆ, ਜਿਨ੍ਹਾਂ ਵਿੱਚੋਂ ਕੁਝ ਕੁ ਨੂੰ ਵਾਪਸ ਆਪੋ-ਆਪਣੇ ਮੁਲਕ ਜਾਣ ਲਈ ਕੁਝ ਮੁਸ਼ਕਲਾਂ ਆ ਰਹੀਆਂ ਹਨ। ਰਾਣਾ ਸੋਢੀ ਨੇ ਦੱਸਿਆ ਕਿ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਉਹ NRI’s ਦੀ ਮਦਦ ਲਈ ਨੋਡਲ ਅਫਸਰ ਨਿਯੁਕਤ ਕਰਨ, ਜੋ ਉਨ੍ਹਾਂ ਦੀ ਹਰ ਔਕੜ ਨੂੰ ਦੂਰ ਕਰਨ ਵਿੱਚ ਮਦਦ ਕਰਨਗੇ।