Families of minors killed in Maur Mandi : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿੱਚ ਮੌੜ ਮੰਡੀ ਬੰਬ ਧਮਾਕੇ ਵਿੱਚ ਮਾਰੇ ਗਏ ਚਾਰ ਨਾਬਾਲਗਾਂ ਵਿੱਚੋਂ ਹਰੇਕ ਦੇ ਪਰਿਵਾਰ ਦੇ ਮੈਂਬਰਾਂ/ ਵਾਰਸਾਂ ਵਿੱਚੋਂ ਇੱਕ-ਇੱਕ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਹ ਫੈਸਲਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਹੈ। ਦੱਸਣਯੋਗ ਹੈ ਕਿ 31 ਜਨਵਰੀ 2017 ਨੂੰ ਬਠਿੰਡਾ ਮੌੜ ਮੰਡੀ ਵਿੱਚ ਚੋਣ ਸਭਾ ਦੌਰਾਨ ਹੋਏ ਬੰਬ ਧਮਾਕੇ ਵਿੱਚ ਚਾਰ ਦੀ ਜਾਨ ਚਲੀ ਗਈ ਸੀ, ਜਿਨ੍ਹਾਂ ਵਿੱਚ 15 ਸਾਲਾ ਜਪਸਿਮਰਨ ਸਿੰਘ ਪੁੱਤਰ ਖੁਸ਼ਦੀਪ ਸਿੰਘ, 14 ਸਾਲਾ ਸੌਰਵ ਸਿੰਗਲਾ ਪੁੱਤਰ ਰਕੇਸ਼ ਕੁਮਾਰ, 11 ਸਾਲਾ ਅੰਕੁਸ਼ ਪੁੱਤਰ ਗਿਆਨ ਚੰਦ ਅਤੇ 9 ਸਾਲਾ ਰਿਪਨਦੀਪ ਸਿੰਘ ਪੁੱਤਰ ਕਾਲਾ ਸਿੰਘ ਸ਼ਾਮਲ ਹੈ।
ਦੱਸਣਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋਈ ਸੀ, ਜਦਕਿ 13 ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਵਿੱਚੋਂ ਪੰਜਾਬ ਸਰਕਾਰ ਵੱਲੋਂ ਦੋ ਮ੍ਰਿਤਕਾਂ ਹਰਪਾਲ ਸਿੰਘ (40) ਪੁੱਤਰ ਤੇਜਾ ਸਿੰਘ ਅਤੇ ਅਸ਼ੋਕ ਕੁਮਾਰ (35) ਪੁੱਤਰ ਬਾਬੂ ਰਾਮ ਅਤੇ ਇੱਕ ਨਾਬਾਲਗ ਲੜਕੀ 11 ਸਾਲਾ ਬਾਗੋ ਦੇ ਪਰਿਵਾਰਕ ਮੈਂਬਰ ਨੂੰ ਪਹਿਲਾਂ ਹੀ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ ਤੇ ਹੁਣ ਪੰਜਾਬ ਸਰਕਾਰ ਬਾਕੀ ਚਾਰ ਨਾਬਾਲਗ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੁਣ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਨੂੰ ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਪਹਿਲਾਂ ਹੀ 5-5 ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।