Fathers are forced to : ਲੌਕਡਾਊਨ ਕਾਰਨ ਬਹੁਤ ਸਾਰੇ ਵਿਅਕਤੀ ਬੇਰੋਜ਼ਗਾਰ ਹੋ ਗਏ। ਇਸ ਨਾਲ ਉਨ੍ਹਾਂ ਲਈ ਘਰ ਦਾ ਖਰਚਾ ਚਲਾਉਣਾ ਵੀ ਮੁਸ਼ਕਲ ਹੋਇਆ ਪਿਆ ਹੈ ਤੇ ਹੁਣ ਸਕੂਲਾਂ ਵਲੋਂ ਵੀ ਬੱਚਿਆਂ ਦੀਆਂ ਭਾਰੀ-ਭਰਕਮ ਫੀਸਾਂ ਮੰਗੀਆਂ ਜਾ ਰਹੀਆਂ ਹਨ ਜਿਸ ਕਾਰਨ ਮਾਪੇ ਬਹੁਤ ਪ੍ਰੇਸ਼ਾਨ ਹਨ। ਅਜਿਹੀ ਹੀ ਇਕ ਉਦਾਹਰਣ ਚੰਡੀਗੜ੍ਹ ਵਿਖੇ ਸਾਹਮਣੇ ਆਈ ਹੈ ਜਿਥੇ ਇਕ ਪਿਓ ਵਲੋਂ ਆਪਣੀ ਧੀ ਦੀ ਫੀਸ ਭਰਨ ਲਈ ਉਸ ਨੂੰ ਆਪਣਾ ਗੁਰਦਾ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਚੰਡੀਗੜ੍ਹ ਦੇ ਅਤੁਲ ਵੋਹਰਾ ਨੇ ਲੌਕਡਾਊਨ ਕਰਕੇ ਆਰਥਿਕ ਮੰਦਹਾਲੀ ਦੀ ਮਾਰ ਝੱਲ ਰਹੇ ਮਾਪਿਆਂ ਦਾ ਅਸਲ ਦਰਦ ਬਿਆਨ ਕੀਤਾ ਹੈ। ਦਰਅਸਲ ਵੋਹਰਾ ਨੇ ਗਵਰਨਰ ਦੇ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸਕੂਲ ਦੀ ਫੀਸ ਭਰਨ ਲਈ ਗੁਰਦਾ ਵੇਚਣ ਦੀ ਇਜਾਜ਼ਤ ਮੰਗੀ ਹੈ। ਵੋਹਰਾ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਉਹ ਇੱਕ ਕੰਪਨੀ ਵਿੱਚ ਕੰਟਰੈਕਟ ‘ਤੇ ਕੰਮ ਕਰਦੇ ਸਨ ਅਤੇ ਲੌਕਡਾਊਨ ਦੌਰਾਨ ਉਨ੍ਹਾਂ ਦੀ ਨੌਕਰੀ ਚਲੀ ਗਈ। ਉਨ੍ਹਾਂ ਦੇ ਪਰਿਵਾਰ ਵਿੱਚ ਪੰਜ ਮੈਂਬਰ ਹਨ ਅਤੇ ਕਮਾਉਣ ਵਾਲੇ ਉਹ ਇਕਲੌਤੇ ਮੈਂਬਰ ਹਨ। ਚੰਡੀਗੜ੍ਹ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਨੌਕਰੀ ਚਲੀ ਜਾਣ ਕਾਰਨ ਆਪਣੀ ਜਮ੍ਹਾਂ ਪੂੰਜੀ ਘਰ ਦੇ ਖ਼ਰਚ ਵਿੱਚ ਲਾ ਦਿੱਤੀ। ਇਸ ਵਕਤ ਗੁਜ਼ਾਰਾ ਮਾਂ ਦੀ ਪੈਨਸ਼ਨ ਨਾਲ ਚੱਲ ਰਿਹਾ ਹੈ।
ਉਨ੍ਹਾਂ ਦੀ ਬੇਟੀ ਸੇਂਟ ਜੋਸਫ ਸਕੂਲ ਵਿੱਚ ਪੜ੍ਹਦੀ ਹੈ ਅਤੇ ਸਕੂਲ ਵੱਲੋਂ ਦਿਸੰਬਰ ਤੱਕ ਦੀ ਟਿਊਸ਼ਨ ਫੀਸ (32000 ਰੁਪਏ) ਦੀ ਮੰਗ ਕੀਤੀ ਜਾ ਰਹੀ ਹੈ। ਵੋਹਰਾ ਨੇ ਫੀਸ ਰੈਗੂਲੇਟਰੀ ਕਮੇਟੀ ਅਤੇ ਚੰਡੀਗੜ੍ਹ ਦੇ ਸਕੂਲ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫੀਸ ਰੈਗੂਲੇਟਰੀ ਕਮੇਟੀ ਸਿਰਫ਼ ਨਾਮ ਦੀ ਹੈ ਅਤੇ ਹਮੇਸ਼ਾ ਪ੍ਰਾਈਵੇਟ ਸਕੂਲਾਂ ਦਾ ਹੀ ਪੱਖ ਪੂਰਦੀ ਹੈ। ਅੱਜ ਤੱਕ ਮਾਪਿਆਂ ਦੀ ਐਸੋਸੀਏਸ਼ਨ ਵੱਲੋਂ ਭੇਜੀ ਕਿਸੇ ਵੀ ਸ਼ਿਕਾਇਤ ਇੱਕ ਵੀ ਸਕੂਲ ਨੂੰ ਸ਼ੋਅਕਾਜ਼ ਨੋਟਿਸ ਨਹੀਂ ਹੋਇਆ। ਫੀਸ ਰੈਗੂਲੇਸ਼ਨ ਦੇ ਕਾਨੂੰਨ ‘ਤੇ ਵੀ ਉਹਨਾਂ ਨੇ ਅਵਿਸ਼ਵਾਸ ਜਤਾਇਆ ਹੈ। ਉਨ੍ਹਾਂ ਲਿਖਿਆ ਹੈ ਕਿ ਜੇ ਸਰਕਾਰ ਸਕੂਲੀ ਸਿੱਖਿਆ ਦੇ ਨਿੱਜੀਕਰਨ ਦੇ ਖਿਲਾਫ਼ ਸਖ਼ਤ ਕਾਨੂੰਨ ਬਣਾਉਣ ਤੋਂ ਅਸਮਰਥ ਹੈ ਤਾਂ ਸਕੂਲਾਂ ਦੇ ਮੂੰਹ ਭਰਨ ਲਈ ਗੁਰਦੇ ਵੇਚਣ ਨੂੰ ਕਾਨੂੰਨੀ ਮਨਜੂਰੀ ਦੇ ਦਿੱਤੀ ਜਾਵੇ।ਉਨ੍ਹਾਂ ਦਾ ਕਹਿਣਾ ਹੈ ਕਿ ਨਾ ਉਹ ਕਿਰਾਇਆ ਦੇ ਪਾ ਰਹੇ ਹਨ, ਨਾ ਈ ਐਮ ਆਈ ਦੀ ਕਿਸ਼ਤ, ਨਾ ਸਿਹਤ ਬੀਮੇ ਦੀ ਕਿਸ਼ਤ, ਸਗੋਂ ਬਿਲ ਵਗੈਰਾ ਭਰਨ ਤੋਂ ਵੀ ਅਸਮਰਥ ਹੋ ਰਹੇ ਹਨ। ਆਰਥਿਕ ਤੰਗੀ ਦੇ ਇਸ ਦੌਰ ਵਿੱਚ ਸਕੂਲ ਲਗਾਤਾਰ ਫੀਸ ਦੀ ਮੰਗ ਕਰ ਰਹੇ ਹਨ। ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਦਾ ਕਹਿਣਾ ਹੈ ਕਿ ਜਿਆਦਾਤਰ ਸਕੂਲਾਂ ਵਿੱਚ ਟਿਊਸ਼ਨ ਫੀਸ ਤਕਰੀਬਨ ਕੁੱਲ ਫੀਸ ਦੇ ਨੇੜੇ ਤੇੜੇ ਹੀ ਹੈ। ਹਾਲਾਂਕਿ ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਸਿਰਫ਼ ਟਿਊਸ਼ਨ ਫੀਸ ਲੈਣ ਦੀ ਆਗਿਆ ਦਿੱਤੀ ਗਈ ਹੈ ਪਰ ਟਿਊਸ਼ਨ ਫੀਸ ਹੀ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਭਰਨ ਵਿਚ ਮਾਪਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।