Fine of Rs 2000 : ਪੰਜਾਬ ਸਰਕਾਰ ਵ੍ਹੀਕਲ ਐਕਟ ਵਿਚ ਸੋਧ ਕਰਦੇ ਹੋਏ ਇਸ ਵਿਚ ਹਾਈ ਸਕਿਓਰਿਟੀ ਨੰਬਰ ਪਲੇਟ ਦਾ ਜੁਰਮਾਨਾ ਵੀ ਜੋੜ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਇਕ ਅਕਤੂਬਰ ਤੋਂ ਗੱਡੀ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਾ ਲੱਗੇ ਹੋਣ ’ਤੇ ਦੋ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਭਰਨਾ ਪਏਗਾ। ਜੇਕਰ ਦੂਸਰੀ ਜਾਂ ਉਸ ਤੋਂ ਜ਼ਿਆਦਾ ਵਾਰ ਇਹ ਚਾਲਾਨਾ ਕੱਟਿਆ ਗਿਆ ਤਾਂ ਫਿਰ ਅਗਲੀ ਵਾਰ ਤਿੰਨ ਹਜ਼ਾਰ ਰੁਪਏ ਜੁਰਮਾਨਾ ਭਰਨਾ ਪਏਗਾ।
ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਦੋਪਹੀਆ ਜਾਂ ਚਾਰ ਪਹੀਆ ਵਾਹਨਾਂ ਸਣੇ ਹਰ ਤਰ੍ਹਾਂ ਦੇ ਵਾਹਨ ਲਈ ਜੁਰਮਾਨੇ ਦੀ ਰਕਮ ਇਕੋ ਜਿਹੀ ਹੋਵੇਗੀ। ਹਾਲਾਂਕਿ, ਹਾਈ ਸਕਿਓਰਿਟੀ ਨੰਬਰ ਪਲੇਟ ਦਾ ਚਾਲਾਨ ਕੱਟਣ ਦਾ ਅਧਿਕਾਰ ਸਹਾਇਕ ਸਬ-ਇੰਸਪੈਕਟਰ ਤੋਂ ਹੇਠਾਂ ਦੇ ਅਧਿਕਾਰੀ ਨੂੰ ਨਹੀਂ ਹੋਵੇਗਾ। ਚਾਲਾਨ ਦਾ ਜੁਰਮਾਨਾ ਲੈਣ ਜਾਂ ਸਹੀ ਕਾਰਨ ਦੇਖ ਕੇ ਮਾਫ ਕਰਨ ਦਾ ਅਧਿਕਾਰ ਸਹਾਇਕ ਟਰਾਂਸਪੋਰਟ ਅਫਸਰ, ਐਸਡੀਐਮ, ਆਰਟੀਏ ਸੈਕਟਰੀ, ਡਿਪਟੀ ਸਟੇਟ ਟਰਾਂਸਪੋਰਟ ਕਮਿਸ਼ਨਰ ਐਡਿਸ਼ਨਲ ਤੇ ਜੁਆਇੰਟ ਟਰਾਂਸਪੋਰਟ ਕਮਿਸ਼ਨਰ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਹੁਣ ਤੱਕ ਗੱਡੀ ਜਿਸ ਜ਼ਿਲੇ ਦੀ ਹੁੰਦੀ ਸੀ ਨੰਬਰ ਪਲੇਟ ਦੀ ਫਿਟਿੰਗ ਉਸੇ ਜ਼ਿਲੇ ਤੋਂ ਕਰਵਾਈ ਜਾ ਸਕਦੀ ਸੀ ਪਰ ਹੁਣ ਸਰਕਾਰ ਨੇ ਇਸ ਵਿਚ ਸਹੂਲਤ ਦਿੱਤੀ ਹੈ, ਜਿਸ ਵਿਚ ਜੇਕਰ ਤੁਹਾਡੀ ਗੱਡੀ ਕਿਸੇ ਵੀ ਜ਼ਿਲੇ ਤੋਂ ਹੈ ਤਾਂ ਵੀ ਕਿਸੇ ਵੀ ਜ਼ਿਲੇ ਤੋਂ ਫਿਟਿੰਗ ਸੈਂਟਰ ਤੋਂ ਨੰਬਰ ਫਲੇਟ ਲਗਵਾਈ ਜਾ ਸਕਦੀ ਹੈ ਅਤੇ ਜੇਕਰ ਗੱਡੀ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲੱਗੀ ਹੈ ਤਾਂ ਇਸ ਦੇ ਲਈ ਘਰ ਬੈਠੇ ਆਨਲਾਈਨ ਵੀ ਅਰਜ਼ੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮੋਬਾਈਲ ਐਪ ਰਾਹੀਂ ਵੀ ਇਸ ਲਈ ਅਪਲਾਈ ਕੀਤਾ ਜਾ ਸਕਦਾ ਹੈ, ਜਿਸ ਵਿਚ ਪੁਰਾਣੀ ਆਰਸੀ ਅਪਲੋਡ ਕਰਨ ਦੇ ਨਾਲ ਫੀਸ ਵੀ ਭਰੀ ਜਾ ਸਕਦੀ ਹੈ। ਇਸ ਪ੍ਰੋਸੈੱਸ ਵਿਚ ਚਾਰ ਦਿਨ ਦਾ ਸਮਾਂ ਲੱਗਦਾ ਹੈ ਜਿਸ ਤੋਂ ਬਾਅਦ ਫਿਟਿੰਗ ਸੈਂਟਰ ਤੋਂ ਪਲੇਟ ਫਟਿੰਗ ਕਰਵਾਈ ਜਾ ਸਕਦੀ ਹੈ।