Fire at Bank : ਲਾਜਪਤ ਰਾਏ ਰੋਡ ‘ਤੇ ਨਿਰਮਲ ਸਵੀਟ ਸ਼ਾਪ ਦੀ ਦੁਕਾਨ ਦੇ ਸਾਹਮਣੇ ਸ਼ੁੱਕਰਵਾਰ ਨੂੰ ਸਵੇਰੇ 7.30 ‘ਤੇ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ ਸ਼ਾਰਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ। ਧੂੰਆਂ ਨਿਕਲਦੇ ਦੇਖ ਕੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਅੱਗ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਆਪਣੀ ਟੀਮ ਨਾਲ ਉਥੇ ਪਹੁੰਚੇ। ਪੁਲਿਸ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ।
ਫਾਇਰ ਬ੍ਰਿਗੇਡ ਦੀ ਗੱਡੀ ਨੂੰ ਨਗਰ ਕੌਂਸਲ ਤੋਂ ਮੰਗਵਾਇਆ ਗਿਆ ਤੇ ਮੁਸ਼ਕਿਲ ਨਾਲ ਬੈਂਕ ਵਿਚ ਲੱਗੀ ਅੱਗ ‘ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਤੋਂ ਪਾਈਪ ਲੈ ਕੇ ਥਾਣਾ ਸਿਟੀ ਦੇ ਇੰਚਾਰਜ ਖੁਦ ਬੈਂਕ ਵਿਚ ਪਹੁੰਚ ਗਏ ਅਤੇ ਅੱਗ ਨੂੰ ਬੁਝਾਉਣ ਲੱਗੇ। ਮੈਨੇਜਰ ਕੁਲਵੰਤ ਸਿੰਘ ਜੋ ਕਿ ਸਮਰਾਲਾ ਵਿਚ ਰਹਿੰਦੇ ਹਨ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬੈਂਕ ਦੀ ਬ੍ਰਾਂਚ ਵਿਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਫਿਰ ਵੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।