ਲੁਧਿਆਣਾ ਦੇ ਘੁਮਾਰ ਮੰਡੀ ਚੌਕ ‘ਤੇ ਸਥਿਤ ਇੱਕ ਰੈਡੀਮੇਡ ਬੈਗਾਂ ਦੀ ਦੁਕਾਨ ਵਿੱਚ ਰਾਤ 9 ਵਜੇ ਅਚਾਨਕ ਅੱਗ ਲੱਗ ਗਈ। ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਸ਼ੋਅਰੂਮ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਅਚਾਨਕ ਲੱਗੀ ਅੱਗ ਕਾਰਨ ਪੂਰੇ ਬਾਜ਼ਾਰ ਵਿੱਚ ਹੜਕੰਪ ਮਚ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ ਗਿਆ।

ਦੁਕਾਨ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਵੇਲੇ ਬਾਜ਼ਾਰ ਵਿੱਚ ਨਵੀਆਂ ਬਿਜਲੀ ਦੀਆਂ ਤਾਰਾਂ ਪਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਦਿਨ ਭਰ ਅਕਸਰ ਬਿਜਲੀ ਬੰਦ ਰਹਿੰਦੀ ਹੈ। ਦੁਪਹਿਰ ਵੇਲੇ ਦੁਕਾਨਾਂ ਦੀਆਂ ਲਾਈਟਾਂ ਅਤੇ ਤਾਰਾਂ ਬੰਦ ਸਨ। ਜਦੋਂ ਸ਼ਾਮ ਨੂੰ ਕਰਮਚਾਰੀ ਸ਼ੋਅਰੂਮ ਬੰਦ ਕਰ ਰਹੇ ਸੀ ਤਾਂ ਅਚਾਨਕ ਹੀ ਸ਼ਾਰਟ ਸਰਕਟ ਹੋਇਆ, ਜਿਸ ਨਾਲ ਅੱਗ ਲੱਗ ਗਈ। ਕੁਝ ਹੀ ਮਿੰਟਾ ਵਿੱਚ ਪੂਰਾ ਸ਼ੋਅਰੂਮ ਅੱਗ ਦੀ ਚਪੇਟ ਵਿੱਚ ਆ ਗਿਆ।
ਇਹ ਵੀ ਪੜ੍ਹੋ : ਮੁਅੱਤਲ DIG ਭੁੱਲਰ ਨੇ ਕੀਤਾ ਹਾਈਕੋਰਟ ਦਾ ਰੁਖ, ਪਟੀਸ਼ਨ ਦਾਇਰ ਕਰ ਕੇ ਆਪਣੀ ਗ੍ਰਿਫ਼ਤਾਰੀ ਨੂੰ ਦਿੱਤੀ ਚੁਣੌਤੀ
ਘਟਨਾ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਵਿਭਾਗ ਦੇ ਕਰਮਚਾਰੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 9:03 ਵਜੇ ਫੋਨ ਆਇਆ। ਟੀਮ ਸ਼ੁਰੂ ਵਿੱਚ ਦੋ ਗੱਡੀਆਂ ਨਾਲ ਘਟਨਾ ਸਥਾਨ ‘ਤੇ ਪਹੁੰਚੀ, ਪਰ ਅੱਗ ਬਹੁਤ ਜ਼ਿਆਦਾ ਫੈਲਣ ਕਾਰਨ ਦੋ ਹੋਰ ਗੱਡੀਆਂ ਬੁਲਾਉਣੀਆਂ ਪਈਆਂ। ਲਗਭਗ 30 ਮਿੰਟ ਦੀ ਕੋਸ਼ਿਸ਼ ਤੋਂ ਬਾਅਦ, ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਫਾਇਰ ਵਿਭਾਗ ਨੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਹੈ। ਦੁਕਾਨ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























