Firefighters rescue stray crow : ਚੰਡੀਗੜ੍ਹ : ਚਾਇਨਾ ਡੋਰ ਦੀ ਵਰਤੋਂ ’ਤੇ ਪਾਬੰਦੀ ਹੋਣ ਦੇ ਬਾਵਜੂਦ ਅਜੇ ਵੀ ਇਸ ਡੋਰ ਨੂੰ ਵੇਚਿਆ ਤੇ ਖਰੀਦਿਆ ਜਾ ਰਿਹਾ ਹੈ, ਜਿਸ ਨਾਲ ਮਨੁੱਖ ਤਾਂ ਇਸ ਨਾਲ ਹਾਦਸੇ ਦਾ ਸ਼ਿਕਾਰ ਹੁੰਦੇ ਹੀ ਹਨ, ਪਸ਼ੂ-ਪੰਛੀ ਵੀ ਆਪਣੀ ਜਾਨ ਗੁਆ ਦਿੰਦੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਚਾਇਨਾ ਡੋਰ ਵਿੱਚ ਇਕ ਪੰਛੀ ਫਸ ਗਿਆ, ਜਿਸ ਲਈ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਫਰਿਸ਼ਤੇ ਬਣ ਕੇ ਆਏ ਅਤੇ ਪੰਛੀ ਨੂੰ ਬਚਾਇਆ। ਇਸ ਦੌਰਾਨ ਲੋਕਾਂ ਵੱਲੋਂ ਇਸ ਦ੍ਰਿਸ਼ ਦੀ ਵੀਡੀਓ ਬਣਾ ਲਈ ਗਈ, ਜੋਕਿ ਕਾਫੀ ਵਾਇਰਲ ਹੋਈ।
ਦੱਸਣਯੋਗ ਹੈ ਕਿ ਐਤਵਾਰ ਨੂੰ ਡੱਡੂਮਾਜਰਾ ਸਰਕਾਰੀ ਸਕੂਲ ਦੇ ਕੋਲ 70 ਫੁੱਟ ਉੱਚੇ ਸਫੈਦਿਆਂ ਦੇ ਦਰੱਖਤਾਂ ਵਿੱਚ ਇਕ ਕਾਂ ਕਾਫੀ ਦੇਰ ਤੋਂ ਤੜਫ ਰਿਹਾ ਸੀ। ਇਸ ਦੀ ਸੂਚਨਾ ਜਸਪਾਲ ਨਾਂ ਦੇ ਨੌਜਵਾਨ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਮੁਲਾਜ਼ਮਾਂ ਨੇ ਹਾਈਡ੍ਰੋਲਿਕ ਮਸ਼ੀਨ ਰਾਹੀਂ ਦਰੱਖਤ ਦੀ ਟਾਹਣੀ ਕੋਲ ਪਹੁੰਚ ਕੇ ਕਾਂ ਨੂੰ ਸੁਰੱਖਿਅਤ ਕੱਢਿਆ। ਜਿਸ ਸਮੇਂ ਰੈਸਕਿਊ ਮੁਹਿੰਮ ਚਲਾਇਆ ਜਾ ਰਿਹਾ ਸੀ ਉਸ ਸਮੇਂ ਕਾਫੀ ਗਿਣਤੀ ਵਿੱਚ ਲੋਕ ਜਮ੍ਹਾ ਹੋ ਗਏ।
ਲਗਭਗ ਅੱਧੇ ਘੰਟੇ ਦੀ ਰੈਸਕਿਊ ਮੁਹਿੰਮ ਵਿੱਚ ਲੀਡਿੰਗ ਫਾਇਰਮੈਨ ਕੇਵਲ ਕ੍ਰਿਸ਼ਣ, ਮੁਸ਼ਤਾਕ ਅਲੀ ਅਤੇ ਫਾਇਰਮੈਨ ਨਵੀਨ ਕੁਮਾਰ ਨੇ ਹਾਈਡ੍ਰੋਲਿਕ ਮਸ਼ੀਨ ਦੀ ਮਦਦ ਨਾਲ ਟਾਹਣੀਆਂ ’ਤੇ ਡੋਰ ਵਿੱਚ ਫਸੇ ਪੰਛੀ ਨੂੰ ਵੱਖ ਕੀਤਾ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਂ ਨੂੰ ਪਾਣੀ ਪਿਲਾ ਕੇ ਆਜ਼ਾਦ ਕਰ ਦਿੱਤਾ।