ਲੁਧਿਆਣਾ ਵਿੱਚ ਵੀਰਵਾਰ ਨੂੰ ਹੋਏ ਬੰਬ ਧਮਾਕੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੰਬ ਧਮਾਕੇ ਵਿੱਚ ਮਾਰੇ ਗਏ ਬੰਦੇ ਨੇ ਹੀ ਇਹ ਬਲਾਸਟ ਕੀਤਾ ਸੀ। ਮਰਨ ਵਾਲਾ ਸ਼ਖ਼ਸ ਇੱਕ ਸਾਬਕਾ ਪੁਲਿਸ ਮੁਲਾਜ਼ਮ ਸੀ। ਉਸ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ। ਉਹ ਖੰਨਾ ਸਈਰ ਥਾਣੇ ਵਿੱਚ ਮੁਨਸ਼ੀ ਵਜੋਂ ਤਾਇਨਾਤ ਸੀ। ਡਰੱਗ ਮਾਫੀਆ ਨਾਲ ਸਬੰਧਾਂ ਕਾਰਨ ਉਸ ਨੂੰ 2019 ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਦੋ ਸਾਲ ਦੀ ਜੇਲ੍ਹ ਵੀ ਹੋਈ ਸੀ। ਉਹ ਸਤੰਬਰ ਵਿੱਚ ਜੇਲ੍ਹ ਤੋਂ ਰਿਹਾਅ ਹੋ ਕੇ ਬਾਹਰ ਆਇਆ ਸੀ, ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਸ ਨੇ ਹੀ ਇਹ ਧਮਾਕਾ ਕੀਤਾ ਹੈ।
ਕੇਂਦਰੀ ਜਾਂਚ ਏਜੰਸੀ ਐਨਆਈਏ ਨੇ ਧਮਾਕੇ ਵਾਲੀ ਥਾਂ ਤੋਂ ਮਿਲੇ ਡੋਂਗਲ ਦੇ ਮੋਬਾਈਲ ਸਿਮ ਨੰਬਰ ਤੋਂ ਉਸ ਦੀ ਪਛਾਣ ਕੀਤੀ। ਪੁਲਿਸ ਸੂਤਰਾਂ ਅਨੁਸਾਰ ਗਗਨਦੀਪ ਸਿੰਘ ਖੰਨਾ ਦੇ ਜੀਟੀਬੀ ਨਗਰ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਦਾ ਨਾਂ ਅਮਰਜੀਤ ਸਿੰਘ ਹੈ। ਪੰਜਾਬ ਪੁਲਿਸ ਦੀ STF ਨੇ ਗਗਨਦੀਪ ਸਿੰਘ ਨੂੰ 85 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਉਹ ਇਕ ਔਰਤ ਨਾਲ ਮਿਲ ਕੇ ਨਸ਼ੇ ਦੀ ਤਸਕਰੀ ਕਰਦਾ ਸੀ। ਉਸ ਵਿਰੁੱਧ 11 ਅਗਸਤ 2019 ਨੂੰ ਐਸਟੀਐਫ ਥਾਣਾ ਫੇਜ਼-4, ਮੁਹਾਲੀ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਸ਼ੁੱਕਰਵਾਰ ਦੇਰ ਸ਼ਾਮ NIA ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਗਗਨਦੀਪ ਸਿੰਘ ਦੇ ਖੰਨਾ ਸਥਿਤ ਘਰ ‘ਤੇ ਛਾਪਾ ਮਾਰਿਆ। ਪਰਿਵਾਰ ਨੇ ਗਗਨਦੀਪ ਸਿੰਘ ਦੀ ਲਾਸ਼ ਦੀ ਪਛਾਣ ਕਰ ਲਈ ਹੈ। ਮ੍ਰਿਤਕ ਦੇ ਬਾਂਹ ‘ਤੇ ਬਣੇ ਖੰਡੇ ਦੇ ਟੈਟੂ ਦੇ ਆਧਾਰ ‘ਤੇ ਉਸ ਦੇ ਗਗਨਦੀਪ ਸਿੰਘ ਹੋਣ ਦੀ ਗੱਲ ਕਹੀ ਗਈ ਹੈ। ਪੁਲਿਸ ਨੂੰ ਡੋਂਗਲ ਤੋਂ ਇਲਾਵਾ ਗਗਨਦੀਪ ਸਿੰਘ ਦੀ ਜੇਬ ‘ਚੋਂ 500 ਰੁਪਏ ਵੀ ਮਿਲੇ ਪਰ ਉਸ ਕੋਲ ਕੋਈ ਪਰਸ ਨਹੀਂ ਸੀ। ਧਮਾਕੇ ਸਮੇਂ ਗਗਨਦੀਪ ਸਿੰਘ ਨੇ ਟੀ-ਸ਼ਰਟ ਪਾਈ ਹੋਈ ਸੀ।
ਵੀਰਵਾਰ ਦੁਪਹਿਰ ਨੂੰ ਹੋਏ ਬੰਬ ਧਮਾਕਿਆਂ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਅਤੇ ਰਾਸ਼ਟਰੀ ਸੁਰੱਖਿਆ ਸਮੂਹ (ਐੱਨ. ਐੱਸ. ਜੀ.) ਦੇ ਅਧਿਕਾਰੀ ਨਵੀਂ ਦਿੱਲੀ ਤੋਂ ਵੀਰਵਾਰ ਰਾਤ 10.15 ਵਜੇ ਲੁਧਿਆਣਾ ਅਦਾਲਤ ਦੇ ਕੰਪਲੈਕਸ ‘ਚ ਪਹੁੰਚੇ। ਜਾਂਚ ਦੌਰਾਨ ਜਾਂਚ ਏਜੰਸੀਆਂ ਨੂੰ ਮਲਬੇ ਤੋਂ ਕਾਫੀ ਜਾਣਕਾਰੀ ਮਿਲੀ ਹੈ। ਮਲਬੇ ਵਿੱਚ ਮਿਲੇ ਕੁਝ ਟੁੱਟੇ ਹੋਏ ਮੋਬਾਈਲ ਫੋਨ ਅਤੇ ਡੋਂਗਲ ਦੀ ਸਿਮ ਸਬੰਧੀ ਜਾਂਚ ਸ਼ੁਰੂ ਕੀਤੀ ਤਾਂ ਸੁਰਾਗ ਮਿਲਣ ਲੱਗੇ। ਇਹ ਡੋਂਗਲ ਖੰਨਾ ਦੇ ਇਕ ਬੰਦੇ ਦੇ ਨਾਂ ‘ਤੇ ਸੀ। ਇਸ ਦੀ ਪੁੱਛਗਿੱਛ ਕਰਨ ‘ਤੇ ਪੁਲਿਸ ਨੂੰ ਗਗਨਦੀਪ ਸਿੰਘ ਬਾਰੇ ਪਤਾ ਲੱਗਾ।
ਗਗਨਦੀਪ ਸਿੰਘ ਦੇ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਸਬੰਧ ਸਾਹਮਣੇ ਆ ਰਹੇ ਹਨ। ਖੁਫੀਆ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਅਕਤੂਬਰ-2007 ਵਿੱਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਵਿੱਚ ਹੋਏ ਬੰਬ ਧਮਾਕੇ ਵਿੱਚ ਵੀ ਬੱਬਰ ਖਾਲਸਾ ਦਾ ਨਾਂ ਸਾਹਮਣੇ ਆਇਆ ਸੀ। ਉਸ ਧਮਾਕੇ ਵਿਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 32 ਜ਼ਖਮੀ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸਾਲ 2019 ‘ਚ ਡਰੱਗ ਮਾਮਲੇ ‘ਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਪੁਲਸ ‘ਚੋਂ ਬਰਖਾਸਤ ਕੀਤੇ ਗਏ ਗਗਨਦੀਪ ਸਿੰਘ ਦੇ ਨਾਲ ਉਸ ਸਮੇਂ ਕੁਝ ਹੋਰ ਲੋਕ ਵੀ ਸਨ। ਵੀਰਵਾਰ ਨੂੰ ਬੰਬ ਲਗਾਉਣ ਸਮੇਂ ਹੋਏ ਧਮਾਕੇ ਵਿੱਚ ਗਗਨਦੀਪ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਪੁਲਿਸ ਹੁਣ ਉਸਦੇ ਹੋਰ ਸਾਥੀਆਂ ਦੇ ਰਿਕਾਰਡ ਦੀ ਛਾਣਬੀਣ ਕਰ ਰਹੀ ਹੈ। ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਇਸ ਧਮਾਕੇ ਵਿਚ ਉਨ੍ਹਾਂ ਵਿਚੋਂ ਕੋਈ ਵੀ ਸ਼ਾਮਲ ਹੋ ਸਕਦਾ ਹੈ।
ਗਗਨਦੀਪ ਛੋਟੇ ਕੱਦ ਦਾ ਪਹਿਲਵਾਨ ਕਿਸਮ ਦਾ ਵਿਅਕਤੀ ਸੀ। ਉਸ ਨੇ ਆਪਣੀ ਬਾਂਹ ‘ਤੇ ਖੰਡੇ ਦਾ ਟੈਟੂ ਬਣਵਾਇਆ ਹੋਇਆ ਸੀ। ਉਸ ਦੇ ਟੈਟੂ ਨਾਲ ਹੀ ਪੁਲਿਸ ਦਾ ਉਸ ਪ੍ਰਤੀ ਸ਼ੱਕ ਪੁਖ਼ਤਾ ਹੋਇਆ। ਖੰਨਾ ਦੇ ਲਲਹੇੜੀ ਇਲਾਕੇ ਦੇ ਗੁਰੂ ਤੇਗ ਬਹਾਦਰ ਦਾ ਰਹਿਣ ਵਾਲਾ ਗਗਨਦੀਪ ਸਿੰਘ ਸਾਲ 2011 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਨੌਕਰੀ ਦੌਰਾਨ ਉਹ ਮਾਛੀਵਾੜਾ ਅਤੇ ਸਮਰਾਲਾ ਥਾਣਿਆਂ ਵਿਚ ਤਾਇਨਾਤ ਰਿਹਾ ਅਤੇ ਉਥੋਂ ਉਸ ਦੀ ਬਦਲੀ ਖੰਨਾ ਸਦਰ ਥਾਣੇ ਵਿਚ ਹੋ ਗਈ।
ਲੁਧਿਆਣਾ ਧਮਾਕੇ ਦੀਆਂ ਤਾਰਾਂ 15 ਸਤੰਬਰ 2021 ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਹੋਏ ਬੰਬ ਧਮਾਕੇ ਦੇ ਦੋਸ਼ੀਆਂ ਨਾਲ ਜੁੜੀਆਂ ਜਾਪਦੀਆਂ ਹਨ। ਪੁਲਿਸ ਨੇ ਜਲਾਲਾਬਾਦ ਧਮਾਕੇ ਦੇ ਮੁਲਜ਼ਮ ਮਨਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਤੋਂ ਹੀ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਸਕੇ ਭਰਾ ਹਨ।
ਪੁੱਛਗਿੱਛ ਦੌਰਾਨ ਦੋਵਾਂ ਨੇ ਮੰਨਿਆ ਕਿ ਉਹ ਪੈਸੇ ਲਈ ਧਮਾਕੇ ਕਰਨ ਦੀ ਯੋਜਨਾ ਬਣਾ ਰਹੇ ਸਨ। ਗਗਨਦੀਪ ਵੀ ਸਿਰਫ਼ ਪੈਸਿਆਂ ਲਈ ਨਸ਼ੇ ਦੀ ਤਸਕਰੀ ਕਰਦਾ ਸੀ। ਰਣਜੀਤ ਸਿੰਘ ਅਤੇ ਮਨਜੀਤ ਸਿੰਘ ਲੁਧਿਆਣਾ ਜੇਲ੍ਹ ਵਿੱਚ ਬੰਦ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਗਗਨਦੀਪ ਉਨ੍ਹਾਂ ਨਾਲ ਜੇਲ੍ਹ ਵਿੱਚ ਹੀ ਮਿਲਿਆ ਅਤੇ ਉਥੋਂ ਹੀ ਉਹ ਅੱਤਵਾਦੀਆਂ ਦੇ ਸੰਪਰਕ ਵਿੱਚ ਆ ਗਿਆ ਹੋਵੇਗਾ। ਇਹ ਵੀ ਪਤਾ ਲੱਗਾ ਹੈ ਕਿ ਗਗਨਦੀਪ ਸਿੰਘ ਜੇਲ੍ਹ ਤੋਂ ਬਾਹਰ ਆਉਣ ਤੋਂ ਕੁਝ ਦਿਨਾਂ ਬਾਅਦ ਲਾਪਤਾ ਹੋ ਗਿਆ ਸੀ।