Free ‘Kisan Mall’ built : ਚੰਡੀਗੜ੍ਹ : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨਾਂ ਦਾ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਸੰਘਰਸ਼ ਜਾਰੀ ਹੈ। ਇਸ ਦੌਰਾਨ ਅੰਦੋਲਨ ਵਾਲੀ ਥਾਂ ‘ਤੇ ਸਵੈਮ-ਸੇਵੀ ਸੰਸਥਾਵਾਂ ਕਿਸਾਨਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾ ਰਹੀਆਂ ਹਨ। ਰਾਹਤ ਸਮੱਗਰੀ ਨੂੰ ਲੈਣ ਲਈ ਕਾਫੀ ਭੀੜ ਇਕੱਠੀ ਹੋ ਜਾਂਦੀ ਸੀ, ਜਿਸ ਦੇ ਚੱਲਦਿਆਂ ਬਜ਼ੁਰਗ ਕਿਸਾਨਾਂ ਤੇ ਔਰਤਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸੇ ਨੂੰ ਧਿਆਨ ਵਿੱਚ ਰਖਦਿਆਂ ਖਾਲਸਾ ਏਡ ਨੇ ਬੁੱਧਵਾਰ ਨੂੰ ‘ਕਿਸਾਨ ਮਾਲ’ ਸਥਾਪਤ ਕੀਤੀ ਹੈ ਤਾਂ ਜੋ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਮੁਫਤ ਮੁਹੱਈਆ ਕਰਵਾਈਆਂ ਜਾ ਸਕਣ।
ਮੌਲ ਵਿੱਚ ਕੰਬਲ, ਟੁੱਥਬਰੱਸ਼, ਟੁੱਥਪੇਸਟ, ਥਰਮਲ, ਸਵੈਟਰ, ਜੈਕਟ, ਕੱਪੜੇ, ਕੰਬਲ, ਤੇਲ, ਵੈਸਲਿਨ, ਜੁਰਾਬਾਂ, ਕੱਪੜੇ ਧੋਣ ਵਾਲਾ ਤੇ ਨਹਾਉਣ ਵਾਲਾ ਸਾਬਣ, ਸ਼ੈਂਪੂ, ਕੰਘੀ, ਮਫਲਰ, ਓਡੋਮੋਸ, ਸੁੱਕਾ ਦੁੱਧ, ਸੈਨੇਟਰੀ ਪੈਡ ਅਤੇ ਜੁੱਤੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮਾਲ ਵਿੱਚ ਹੀਟਿੰਗ ਪੈਡ, ਤੌਲੀਏ,’ ਲੋਈ ‘, ਚੱਪਲਾਂ, ਕੂੜਾ-ਕਰਕਟ ਬੈਗ, ਗੋਡਿਆਂ ਦੀਆਂ ਟੁਕੜੀਆਂ, ਤਰਪਾਲ, ਨੇਲਕਟਰ, ਈਐਨਓ ਅਤੇ ਕੱਪੜੇ ਧੌਣ ਵਾਲੇ ਬੁਰਸ਼ ਵੀ ਉਪਲਬਧ ਹਨ। ਦੱਸਣਯੋਗ ਹੈ ਕਿ ਪਹਿਲਾਂ ਰਾਹਤ ਸਮੱਗਰੀ ਦੀਆਂ ਸਟਾਲਾਂ ‘ਤੇ ਭੀੜ ਵੇਖੀ ਜਾਂਦੀ ਸੀ ਜਿਸ ਨਾਲ ਬਜ਼ੁਰਗ ਪ੍ਰਦਰਸ਼ਨਕਾਰੀਆਂ ਨੂੰ ਸਹੀ ਆਕਾਰ ਦੀਆਂ ਚੀਜ਼ਾਂ ਹਾਸਲ ਕਰਨ ਵਿੱਚ ਕਰਨ ਵਿੱਚ ਮੁਸ਼ਕਲ ਹੁੰਦੀ ਸੀ।
ਖਾਲਸਾ ਏਡ ਪ੍ਰੋਜੈਕਟ (ਏਸ਼ੀਆ ਚੈਪਟਰ) ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਕਿਹਾ: “ਭੀੜ ਵਿਚ ਸਹੀ ਕਿਸਮ ਦੀ ਸਮੱਗਰੀ ਪ੍ਰਾਪਤ ਕਰਨ ਵਿਚ ਕਿਸਾਨਾਂ ਦੀ ਮੁਸ਼ਕਲ ਦਾ ਨੋਟਿਸ ਲੈਂਦਿਆਂ, ਅਸੀਂ ਇਕ ਮਾਲ ਸਥਾਪਤ ਕਰਨ ਦਾ ਵਿਚਾਰ ਲਿਆ। ਇਸ ਤੋਂ ਇਲਾਵਾ ਕਈ ਕਿਸਾਨ ਇਸ ਨੂੰ ਆਪਣੇ ਸਨਮਾਨ ਤੋਂ ਨੀਵਾਂ ਸਮਝਦੇ ਹੋਏ ਭੀੜ ਵਿੱਚ ਸ਼ਾਮਲ ਨਹੀਂ ਸੀ ਹੁੰਦੇ ਅਤੇ ਉਨ੍ਹਾਂ ਨੂੰ ਰਾਹਤ ਸਮੱਗਰੀ ਨਹੀਂ ਮਿਲ ਪਾਉਂਦੀ ਸੀ। ਔਰਤਾਂ ਨੂੰ ਵੀ ਇਸ ਵਿੱਚ ਕਾਫੀ ਮੁਸ਼ਕਲ ਆਉਂਦੀ ਸੀ।’’ ਜ਼ਿਕਰਯੋਗ ਹੈ ਕਿ ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਸੋਧਾਂ ਦੇ ਲਈ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਸਰਕਾਰ ਦੇ ਤਾਜ਼ਾ ਸੋਧਾਂ ਦੇ ਪ੍ਰਸਤਾਵ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਬਿਨਾਂ ਕਿਸੇ ਸ਼ਰਤ ਤੋਂ ਗੱਲਬਾਤ ਦੇ ਟੇਬਲ ’ਤੇ ਆਵੇ, ਅਤੇ ਤਿੰਨੋਂ ਕਾਨੂੰਨਾਂ ਨੂੰ ਵਾਪਿਸ ਲਏ।