Free vaccinations to all animals : ਕੋਵਿਡ-19 ਸੰਕਟ ਦੇ ਚੱਲਦਿਆਂ ਲੱਗੇ ਲੌਕਡਾਊਨ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਪੰਜਾਬ ਸਰਕਾਰ ਨੇ ਸੂਬੇ ਵਿਚ ਲਗਭਗ 11 ਲੱਖ ਪਸ਼ੂ ਪਾਲਕਾਂ ਨੂੰ ਰਾਹਤ ਦੇਣ ਲਈ ਇਕ ਅਹਿਮ ਫੈਸਲਾ ਲਿਆ ਹੈ, ਜਿਸ ਅਧੀਨ ਪਸ਼ੂਆਂ ਨੂੰ ਗਲਘੋਟੂ, ਸਵਾਈਨ ਬੁਖਾਰ ਅਤੇ ਪੱਟਸੋਜ਼ ਵਰਗੀਆਂ ਗੰਬੀਰ ਬੀਮਾਰੀਆਂ ਤੋਂ ਬਚਾਉਣ ਲਈ ਮੁਫਤ ਟੀਕੇ ਲਗਾਏ ਜਾਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਭਾਗ ਨੇ ਇਹ ਫ਼ੈਸਲਾ ਕਰੋਨਾ ਮਹਾਂਮਾਰੀ ਨਾਲ ਹੋਏ ਨੁਕਸਾਨ ਕਾਰਨ ਪਸ਼ੂ ਪਾਲਕਾਂ ਨੂੰ ਕੁਝ ਰਾਹਤ ਦੇਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਕੱਲੀ ਗਲਘੋਟੂ ਬੀਮਾਰੀ ਦੇ ਬਚਾਅ ਦਾ ਟੀਕਾ ਲਵਾਉਣ ਲਈ ਪਸ਼ੂ ਪਾਲਕਾਂ ਨੂੰ ਹਰ ਵਰ੍ਹੇ ਤਕਰੀਬਨ ਸਵਾ ਤਿੰਨ ਕਰੋੜ ਰੁਪਏ ਦਾ ਖ਼ਰਚ ਕਰਨਾ ਪੈਂਦਾ ਸੀ ਜੋ ਹੁਣ ਬਿਲਕੁਲ ਮੁਫ਼ਤ ਲਾਇਆ ਜਾਵੇਗਾ। ਸੂਬੇ ਵਿਚ ਇਹ ਟੀਕਾ ਹਰ ਵਰ੍ਹੇ ਤਕਰੀਬਨ 65 ਲੱਖ ਪਸ਼ੂਆਂ ਨੂੰ ਲਾਇਆ ਜਾਂਦਾ ਹੈ। ਸ਼੍ਰੀ ਬਾਜਵਾ ਨੇ ਦਸਿਆ ਕਿ ਗਲਘੋਟੂ ਤੋਂ ਬਿਨਾਂ ਪੰਜਾਬ ਸਰਕਾਰ ਨੇ ਸਵਾਈਨ ਬੁਖ਼ਾਰ ਅਤੇ ਪੱਟ ਸੋਜ਼ ਬੀਮਾਰੀਆਂ ਦੇ ਬਚਾਅ ਲਈ ਲਾਏ ਜਾਣ ਵਾਲੇ ਟੀਕੇ ਵੀ ਮੁਫ਼ਤ ਲਾਉਣ ਦਾ ਫ਼ੈਸਲਾ ਕੀਤਾ ਹੈ।
ਪਸ਼ੂ ਪਾਲਣ ਮੰਤਰੀ ਨੇ ਦਸਿਆ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਵਿੱਚ ਟੀਕਾਕਰਨ ਪ੍ਰੋਗਰਾਤ ਤਹਿਤ ਪਸ਼ੂਆਂ ਅਤੇ ਮਰਗੀਆਂ ਨੂੰ ਰੋਗਾਂ ਤੋਂ ਬਚਾਉਣ ਲਾਏ ਜਾਂਦੇ ਸਾਰੇ ਹੀ ਟੀਕੇ ਮੁਫ਼ਤ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਮੂੰਹਖ਼ੁਰ ਅਤੇ ਫਲ ਸਿੱਟਣ ਦੀ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਪਹਿਲਾਂ ਹੀ ਮੁਫ਼ਤ ਲਾਏ ਜਾਂਦੇ ਹਨ। ਇਸ ਦੇ ਨਾਲ ਹੀ ਬੱਕਰੀਆਂ ਨੂੰ ਲੱਗਣ ਵਾਲਾ ਪੀਪੀਆਰ ਅਤੇ ਮਰਗੀਆਂ ਨੂੰ ਲੱਗਣ ਵਾਲੀ ਰਾਣੀਖੇਤ ਵੈਕਸੀਨ ਦੇ ਟੀਕੇ ਵੀ ਮੁਫ਼ਤ ਲਾਏ ਜਾ ਰਹੇ ਹਨ।