full body PPE kit : ਕੋਰੋਨਾ ਖਿਲਾਫ ਲੜਾਈ ਵਿਚ ਯੋਗਦਾਨ ਦੇ ਰਹੇ ਯੋਧਿਆਂ ਲਈ ਰਾਸ਼ਟਰੀ ਉਦਯੋਗਿਕ ਸੰਸਥਾ (ਐੱਨ. ਆਈ. ਟੀ.) ਜਲੰਧਰ ਦੇ ਬਾਇਓਟੈਕਨਾਲੋਜੀ ਡਿਪਾਰਟਮੈਂਟ ਦੇ ਅਸਿਸਟੈਂਟ ਪ੍ਰੋਫੈਸਰ ਡਾ. ਮਹੇਸ਼ ਕੁਮਾਰ ਝਾਅ ਨੇ ਸਿੰਗਲ ਪੀਸ ਫੁੱਲ ਬਾਡੀ ਕਵਰ ਪੀ. ਪੀ. ਕਿਟ ‘ਮਾਰਸ਼ਲ’ ਤਿਆਰ ਕੀਤੀ ਹੈ। ਬਾਜ਼ਾਰ ਤੋਂ ਮਿਲਣ ਵਾਲੀ ਪੀ. ਪੀ. ਈ. ਕਿਟ ਨੂੰ ਇਕ ਵਾਰ ਵਰਤੋਂ ਵਿਚ ਲਿਆਉਣ ਤੋਂ ਬਾਅਦ ਨਸ਼ਟ ਕਰ ਦਿੱਤਾ ਜਾਂਦਾ ਹੈ ਪਰ ਇਸ ਨੂੰ ਧੋ ਕੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਮਾਰਸ਼ਲ ਵਿਚ ਸਿੰਥੈਟਿਕ ਕਾਟਨ, ਪਾਲੀਮਰ ਮਿਕਸ ਫੈਬ੍ਰਿਕ ਤੇ ਪਿਓਰ ਕਾਟਨ ਦੇ ਨਾਲ-ਨਾਲ ਐਂਟੀ ਸਲਿਪ ਸੋਲ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨੂੰ ਪਹਿਨ ਕੇ ਦੌੜਨ ਤੇ ਚੱਲਣ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਕਾਟਨ ਦੇ ਇਸਤੇਮਾਲ ਨਾਲ ‘ਮਾਰਸ਼ਲ’ ਨੂੰ ਧੋ ਕੇ ਦੁਬਾਰਾ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਸ ਨੂੰ ਰਾਸਾਇਣਿਕ ਤੇ ਯੂ. ਵੀ. ਵਿਧੀ ਰਾਹੀਂ ਧੋਤਾ ਜਾ ਸਕਦਾ ਹੈ ਅਤੇ ਸਟਰਲਾਈਜ ਕਰਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਕਿਟ ਦੇ ਐੱਲ-1 ਅਤੇ ਐੱਲ-3 ਲੈਵਲ ਦੀ ਵਜ੍ਹਾ ਨਾਲ ਇਸ ਦਾ ਨਿਰਮਾਣ ਘੱਟ ਲਾਗਤ ਵਿਚ ਕੀਤਾ ਜਾ ਸਕਦਾ ਹੈ।
ਮਾਰਕੀਟ ਵਿਚ PPE ਕਿੱਟ 250 ਤੋਂ ਲੈ ਕੇ 2500 ਰੁਪਏ ਤਕ ਮਿਲਦੀ ਹੈ। ਬਾਜ਼ਾਰ ਵਿਚ ਮਿਲਣ ਵਾਲੀ ਕਿੱਟ ਵਿਚ ਮਾਸਕ, ਗਾਊਨ, ਕੈਪ, ਗਾਗਲਸ, ਸਕ੍ਰੀਨ ਗਾਰਡ, ਜੁੱਤਿਆਂ ਦਾ ਕਵਰ ਨੂੰ ਵੱਖਰਾ-ਵੱਖਰਾ ਪਹਿਨਿਆ ਜਾਂਦਾ ਹੈ ਜਦੋਂ ਕਿ ‘ਮਾਰਸ਼ਲ਼’ ਵਿਚ ਇਹ ਸਾਰਾ ਕੁਝ ਹੈ। ਕੋਰੋਨਾ ਵਾਇਰਸ ਤੋਂ ਬਚਣ ਲਈ ਇਹ ਬਹੁਤ ਹੀ ਫਾਇਦੇਮੰਦ ਸਾਬਤ ਹੋਵੇਗੀ। ਐੱਨ-95 ਅਤੇ ਐੱਨ-99 ਮਾਸਕ ਨੂੰ ਪਹਿਨ ਕੇ ਨੱਕ ਅਤੇ ਚਿਹਰੇ ‘ਤੇ ਪੂਰੀ ਤਰ੍ਹਾਂ ਚਿਪਕਾਇਆ ਜਾਂਦਾ ਹੈ। ਇਸ ਨਾਲ ਚਿਹਰੇ ‘ਤੇ ਨੁਕਸਾਨ ਵੀ ਹੁੰਦਾ ਹੈ। ਮਾਰਸ਼ਲ ਦਾ ਡਿਜ਼ਾਈਨ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈਕਿ ਉਹ ਪੂਰੀ ਤਰ੍ਹਾਂ ਤੋਂ ਚਿਹਰੇ ਤੇ ਨੱਕ ਨਾਲ ਚਿਪਕਿਆ ਰਹੇ। ਮਾਰਸ਼ਲ ਵਿਚ ਵਾਧੂ ਸੁਰੱਖਿਆ ਪ੍ਰਦਾਨ ਕਰਨ ਲਈ ਪਿੱਛੇ ਵਲੋਂ ਜਿਪ ਲਗਾਈ ਗਈ ਹੈ। ਕੋਰੋਨਾ ਵਾਇਰਸ ਜ਼ਿਆਦਾਤਰ ਨੱਕ, ਮੂੰਹ ਤੇ ਅੱਖ ਰਾਹੀਂ ਦਾਖਲ ਹੁੰਦਾ ਹੈ। ਡਾ. ਮਹੇਸ਼ ਨੇ ਦੱਸਿਆ ਕਿ ਉਨ੍ਹਾਂ ਨੇ ਪੀ. ਪੀ. ਈ. ਕਿੱਟ ਦਾ ਪੇਟੈਂਟ ਵੀ ਕਰਵਾ ਲਿਆ ਹੈ। ਹੁਣ ਮੈਨੂਫੈਕਚਰਿੰਗ ਦੇ ਲਈ ਟ੍ਰੇਡਮਾਰਕ ਲੈਣ ਦੀ ਪ੍ਰੋਸੈਸਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਇਸ ਦੀ ਮਾਡੀਫੀਕੇਸ਼ਨ ਕਰਕੇ ਆਈ. ਐੱਸ. ਓ. ਨੰਬਰ ਲਿਆ ਜਾਣਾ ਹੈ।