GMCH-32 refuses to admit : ਚੰਡੀਗੜ੍ਹ ਵਿਖੇ ਜੀਐਮਸੀਐਚ-32 ਨੇ ਕੋਰੋਨਾ ਮਰੀਜ਼ਾਂ ਨੂੰ ਦਾਖਲ ਕਰਨ ਲਈ ਇਨਕਾਰ ਕਰ ਦਿੱਤਾ ਹਨ। ਸੂਤਰਾਂ ਮੁਤਾਬਕ ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੋਣ ਕਰਕੇ ਅਤੇ ਪੀਜੀਆਈ ਵਿਚ ਦਾਖਲ 100 ਤੋਂ ਵੱਧ ਕੋਰੋਨਾ ਮਰੀਜ਼ਾਂ ਨੂੰ ਦੇਖਦੇ ਹੋਏ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਜੀਐਮਸੀਐਚ ਮੈਨੇਜਮੈਂਟ ਸੈਕਟਰ-49 ਦੇ ਕੋਵਿਡ ਹਸਪਤਾਲ ਵਿਚ ਕੋਰੋਨਾ ਮਰੀਜ਼ਾਂ ਨੂੰ ਦਾਖਲ ਕਰਨ ਲਈ ਕਿਹਾ ਤਾਂ ਮੈਨੇਜਮੈਂਟ ਨੇ ਇਹ ਕਹਿ ਕੇ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਅਜੇ ਹਸਪਤਾਲ ਮਰੀਜ਼ਾਂ ਨੂੰ ਦਾਖਲ ਕਰਨ ਲਈ ਤਿਆਰ ਨਹੀਂ ਹੈ। ਸੈਕਟਰ-48 ਦੇ ਹਸਪਤਾਲ ਨੂੰ ਮਰੀਜ਼ਾਂ ਲਈ ਤਿਆਰ ਕਰਨ ਵਿਚ ਘੱਟ ਤੋਂ ਘੱਟ 10 ਦਿਨ ਦਾ ਸਮਾਂ ਲੱਗ ਸਕਦਾ ਹੈ।
ਦੱਸਣਯੋਗ ਹੈ ਕਿ ਜੀਐਮਸੀਐਚ-32 ਨੇ ਕੋਰੋਨਾ ਮਰੀਜ਼ਾਂ ਨੂੰ ਦਾਖਲ ਕਰਨ ਅਤੇ ਇਲਾਜ ਤੋਂ ਲੈ ਕੇ ਡਾਕਟਰਾਂ ਦੇ ਰੋਸਟਰ ਪਲਾਨ ਲਈ ਕੁਝ ਦਿਨਾਂ ਦਾ ਸਮਾਂ ਮੰਗਿਾ ਹੈ ਤੇ ਕਿਹਾ ਹੈ ਕਿ ਹਸਪਤਾਲ ਦੇ 80 ਫੀਸਦੀ ਰੈਜ਼ੀਡੈਂਟ ਡਾਕਟਰ ਕੁਆਰੰਟਾਈਨ ਹਨ। 12 ਮਈ ਤੱਕ ਡਾਕਟਰ ਹਸਪਤਾਲਾਂ ਵਿਚ ਮੁੜ ਡਿਊਟੀ ’ਤੇ ਪਰਤ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਹਵਾਲਾ ਦਿੱਤਾ ਕਿ ਕੋਵਿਡ ਹਸਪਤਾਲ ਵਿਚ ਮਾਨੀਟਰਜ਼ ਤੇ ਕੁਝ ਵੈਂਟੀਲੇਟਰ ਲਾਉਣ ਦਾ ਕੰਮ ਵੀ ਬਾਕੀ ਹੈ ਤਾਂ ਉਦੋਂ ਤੱਕ ਉਹ ਵੀ ਪੂਰਾ ਕਰ ਲਿਆ ਜਾਵੇਗਾ। ਇਸ ਬਾਰੇ ਜੀਐਮਸੀਐਚ-32 ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਬੀਐਸ ਚਵਾਨ ਦਾ ਕਹਿਣਾ ਹੈ ਕਿ ਹਸਪਤਾਲ ਨੇ ਮਰੀਜ਼ ਰਖਣ ਤੋਂ ਮਨ੍ਹਾ ਨਹੀਂ ਕੀਤਾ ਹੈ। ਅਜੇ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਗੱਲ ਚੱਲ ਰਹੀ ਹੈ। ਹਸਪਤਾਲ ਮਰੀਜ਼ਾਂ ਨੂੰ ਦਾਖਲ ਕਰਨ ਅਤੇ ਉਨ੍ਹਾਂ ਦੇ ਇਲਾਜ ਲਈ ਪਲਾਨ ਕਰ ਰਿਹਾ ਹੈ, ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਦਾਖਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਹਸਪਤਾਲ ਦੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਰੈਜ਼ੀਡੈਂਟ ਦਾ ਕੁਆਰੰਟਾਈਨ ਖਤਮ ਹੋਣ ਦੀ ਉਡੀਕ ਕਿਉਂ ਕੀਤੀ ਜਾ ਰਹੀ ਹੈ ਹਸਪਤਾਲ ਦੇ ਬਹੁਤ ਸਾਰੇ ਵਿਭਾਗਾਂ ਦੇ ਡਾਕਟਰਾਂ ਨੂੰ ਕੋਵਿਡ ਹਸਪਤਾਲ ਵਿਚ ਲਿਆਇਆ ਜਾ ਸਕਦਾ ਹੈ। ਇਥੇ ਇਸ ਗੱਲ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਕਿ ਹਸਪਤਾਲ ਵਿਚ ਸ਼ੱਕੀ ਮਰੀਜ਼ਾਂ ਨੂੰ ਤਾਂ ਰਖਿਆ ਜਾ ਸਕਦਾ ਹੈ। ਕਿਉਂਕਿ ਕਾਲੋਨੀਆਂ ਤੋਂ ਆਉਣ ਵਾਲੇ ਸ਼ੱਕੀ ਮਰੀਜ਼ਾਂ ਨੂੰ ਘਰਾਂ ਵਿਚ ਕੁਆਰੰਟਾਈਨ ਕਰਨਾ ਠੀਕ ਨਹੀਂ ਹੈ, ਕਿਉਂਕਿ ਇਕ ਘਰ ਵਿਚ 4-6 ਲੋਕ ਰਹਿ ਰਹੇ ਹੁੰਦੇ ਹਨ, ਫਿਰ ਜੀਐਮਸੀਐਚ ਹਸਪਤਾਲ ਫਿਲਹਾਲ ਇਨ੍ਹਾਂ ਲੋਕਾਂ ਨੂੰ ਹੀ ਕੁਆਰੰਟਾਈਨ ਕਰ ਲਵੇ।