Government buy oxygen cylinders: ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ. ਜਿਸਦੇ ਚੱਲਦਿਆਂ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਵੀ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ । ਇਸ ਵਿਚਾਲੇ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਵਿੱਚ ਪਹਿਲੀ ਵਾਰ ਕੇਂਦਰ ਸਰਕਾਰ ਆਕਸੀਜਨ ਸਿਲੰਡਰ ਖਰੀਦਣ ਜਾ ਰਹੀ ਹੈ । ਦਰਅਸਲ, ਸਰਕਾਰ ਨੇ ਇੱਕ ਲੱਖ ਨਵੇਂ ਆਕਸੀਜਨ ਸਿਲੰਡਰ ਖਰੀਦਣ ਦੇ ਆਦੇਸ਼ ਦਿੱਤੇ ਹਨ । ਸ਼ੁੱਕਰਵਾਰ ਤੱਕ ਦੇਸ਼ ਵਿੱਚ 4.38 ਲੱਖ ਆਕਸੀਜਨ ਸਿਲੰਡਰ ਮੌਜੂਦ ਹਨ, ਜਿਨ੍ਹਾਂ ਨੂੰ ਕੋਰੋਨਾ ਪੀੜਤਾਂ ਲਈ ਕਾਫ਼ੀ ਦੱਸਿਆ ਜਾਂਦਾ ਹੈ ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਅਨੁਸਾਰ ਕੋਰੋਨਾ ਤੋਂ ਪ੍ਰਭਾਵਿਤ 20 ਪ੍ਰਤੀਸ਼ਤ ਮਰੀਜ਼ਾਂ ਨੂੰ ਆਈਸੀਯੂ ਦੇਖਭਾਲ ਦੀ ਜ਼ਰੂਰਤ ਹੈ, ਜਿਨ੍ਹਾਂ ਵਿੱਚੋਂ 5 ਪ੍ਰਤੀਸ਼ਤ ਨੂੰ ਵੈਂਟੀਲੇਟਰਾਂ ਦੀ ਜ਼ਰੂਰਤ ਪੈ ਰਹੀ ਹੈ । ਇਨ੍ਹਾਂ 20 ਪ੍ਰਤੀਸ਼ਤ ਮਰੀਜ਼ਾਂ ਨੂੰ ਆਕਸੀਜਨ ਉਪਲਬਧ ਕਰਾਉਣ ਲਈ ਸਰਕਾਰ ਨਵੇਂ ਸਿਲੰਡਰ ਖਰੀਦਣ ’ਤੇ ਜ਼ੋਰ ਦੇ ਰਹੀ ਹੈ । ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀਆਂ ਹਦਾਇਤਾਂ ‘ਤੇ ਗਠਿਤ 11 ਉੱਚ ਅਧਿਕਾਰ ਪ੍ਰਾਪਤ ਸਮੂਹਾਂ ਵਿੱਚੋਂ ਤਿੰਨ ਦੇ ਚੇਅਰਮੈਨ ਪੀਡੀ ਵਾਘੇਲਾ ਨੇ ਦੱਸਿਆ ਕਿ ਭਾਰਤ ਵਿੱਚ 6400 ਮੀਟ੍ਰਿਕ ਟਨ ਆਕਸੀਜਨ ਪੈਦਾ ਕੀਤੀ ਜਾ ਰਹੀ ਹੈ, ਜਿਸ ਵਿੱਚੋਂ ਇੱਕ ਹਜ਼ਾਰ ਮੀਟ੍ਰਿਕ ਟਨ ਆਕਸੀਜਨ ਦੀ ਵਰਤੋਂ ਹਸਪਤਾਲਾਂ ਵਿੱਚ ਕੀਤੀ ਜਾਂਦੀ ਹੈ ।
ਪੰਜ ਵੱਡੀਆਂ ਅਤੇ 600 ਛੋਟੀਆਂ ਨਿਰਮਾਣ ਕੰਪਨੀਆਂ ਆਕਸੀਜਨ ਬਣਾਉਂਦੀਆਂ ਹਨ. ਉਨ੍ਹਾਂ ਦੱਸਿਆ ਕਿ ਇੱਥੇ ਤਕਰੀਬਨ 409 ਹਸਪਤਾਲ ਹਨ ਜਿੱਥੇ ਆਕਸੀਜਨ ਦਾ ਨਿਰਮਾਣ ਵੀ ਹੁੰਦਾ ਹੈ । ਆਕਸੀਜਨ ਸਿਲੰਡਰ ਸਪਲਾਈ ਕਰਨ ਲਈ ਦੇਸ਼ ਭਰ ਵਿੱਚ 1050 ਟੈਂਕਰ ਉਪਲਬਧ ਹਨ । ਇਸ ਸਮਰੱਥਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਭਾਰਤ ਵਿੱਚ ਆਕਸੀਜਨ ਦੀ ਕੋਈ ਘਾਟ ਨਹੀਂ ਹੈ ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਦੇਸ਼ ਵਿੱਚ 4.38 ਲੱਖ ਆਕਸੀਜਨ ਸਿਲੰਡਰ ਉਪਲਬਧ ਹਨ । ਇਸਦੇ ਬਾਵਜੂਦ ਦੇਸ਼ ਵਿੱਚ ਪਹਿਲੀ ਵਾਰ ਭਾਰਤ ਸਰਕਾਰ ਇੱਕ ਲੱਖ ਤਿੰਨ ਹਜ਼ਾਰ ਨਵੇਂ ਸਿਲੰਡਰ ਖਰੀਦਣ ਜਾ ਰਹੀ ਹੈ । ਇਹ ਸਾਰੇ ਸਿਲੰਡਰ ਸਿਰਫ ਭਾਰਤੀ ਕੰਪਨੀਆਂ ਤੋਂ ਖਰੀਦੇ ਜਾ ਰਹੇ ਹਨ । ਇਸ ਤੋਂ ਇਲਾਵਾ ਇੱਥੇ ਸਨਅਤੀ ਖੇਤਰ ਵਿੱਚ 5 ਲੱਖ ਸਿਲੰਡਰ ਮੌਜੂਦ ਹਨ, ਜਿਨ੍ਹਾਂ ਦੀ ਲੋੜ ਪੈਣ ’ਤੇ ਆਸਾਨੀ ਨਾਲ ਹਸਪਤਾਲਾਂ ਵਿੱਚ ਵਰਤਿਆ ਜਾ ਸਕਦਾ ਹੈ । ਇਨ੍ਹਾਂ ਵਿਚੋਂ 60 ਹਜ਼ਾਰ ਸਿਲੰਡਰ ਲੈਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ ।