Health minister Covid-19 crisis: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਪਰ ਇਹ ਵਾਇਰਸ, ਜੋ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ, ਸ਼ਾਇਦ ਭਾਰਤ ਲਈ ਇੰਨਾ ਖਤਰਨਾਕ ਨਾ ਹੋਵੇ । ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਅਮਰੀਕਾ, ਇਟਲੀ, ਸਪੇਨ, ਫਰਾਂਸ ਵਰਗੇ ਵਿਕਸਤ ਦੇਸ਼ਾਂ ਵਿੱਚ ਕੋਰੋਨਾ ਤੋਂ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ । ਹਾਲਾਂਕਿ, ਭਾਰਤ ਵਿੱਚ ਸਥਿਤੀ ਉਸ ਪੱਧਰ ‘ਤੇ ਨਹੀਂ ਪਹੁੰਚੇਗੀ ।
ਇਸ ਮਾਮਲੇ ਵਿੱਚ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਸਰਕਾਰ ਨੇ ਪੂਰੇ ਦੇਸ਼ ਨੂੰ ਸਭ ਤੋਂ ਮਾੜੇ ਹਾਲਾਤਾਂ ਲਈ ਤਿਆਰ ਕੀਤਾ ਹੈ । ਉਨ੍ਹਾਂ ਕਿਹਾ ਕਿ ਅਸੀਂ ਕਈ ਹੋਰ ਵਿਕਸਤ ਦੇਸ਼ਾਂ ਦੀ ਤਰ੍ਹਾਂ ਆਪਣੇ ਦੇਸ਼ ਵਿੱਚ ਬਹੁਤ ਮਾੜੀ ਸਥਿਤੀ ਦੀ ਭਵਿੱਖਬਾਣੀ ਨਹੀਂ ਕਰ ਰਹੇ ਹਾਂ । ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਵਿੱਚ ਕੋਵਿਡ-19 ਦੀ ਮੌਤ ਦਰ ਲਗਭਗ 3.3% ਬਣੀ ਹੋਈ ਹੈ ਜੋ ਕਿ ਪੂਰੀ ਦੁਨੀਆ ਵਿੱਚ ਸਭ ਤੋਂ ਘੱਟ ਮੌਤ ਦਰ ਵਿੱਚ ਸ਼ਾਮਿਲ ਹੈ । ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਸ ਵਾਇਰਸ ਨਾਲ ਇਲਾਜ ਤੋਂ ਬਾਅਦ ਰਿਕਵਰੀ ਰੇਟ ਵਧ ਕੇ 29.9% ਹੋ ਗਈ ਹੈ ।
ਸਿਹਤ ਮੰਤਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿੱਚ ਕੋਵਿਡ-19 ਦਾ ਡਬਲਿੰਗ ਰੇਟ ਲਗਭਗ 11 ਦਿਨ ਰਿਹਾ ਹੈ । ਉੱਥੇ ਹੀ ਜੇ ਪਿਛਲੇ ਸੱਤ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਡਬਲਿੰਗ ਰੇਟ 9.9 ਦਿਨ ਹੋ ਜਾਂਦਾ ਹੈ । ਜਿਸ ਕਾਰਨ ਹਰਸ਼ਵਰਧਨ ਨੇ ਇਨ੍ਹਾਂ ਨਤੀਜਿਆਂ ਨੂੰ ਚੰਗਾ ਦੱਸਿਆ ਹੈ।
ਦੱਸ ਦੇਈਏ ਕਿ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ. ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 3320 ਨਵੇਂ ਕੇਸ ਸਾਹਮਣੇ ਆਏ ਹਨ ਅਤੇ 95 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਬਾਅਦ ਦੇਸ਼ ਭਰ ਵਿੱਚ ਕੋਰੋਨਾ ਪਾਜੀਟਿਵ ਕੇਸਾਂ ਦੀ ਕੁੱਲ ਸੰਖਿਆ 59,662 ਹੋ ਗਈ ਹੈ, ਜਿਨ੍ਹਾਂ ਵਿਚੋਂ 39,834 ਸਰਗਰਮ ਹਨ, 17,847 ਵਿਅਕਤੀ ਠੀਕ ਹੋ ਚੁੱਕੇ ਹਨ ਤੇ 1981 ਦੀ ਮੌਤ ਹੋ ਗਈ ਹੈ ।