ਤਰਨਤਾਰਨ : ਭਾਰਤ-ਪਾਕਿ ਸਰਹੱਦ ‘ਤੇ ਬੀਓਪੀ ਡੱਲ ਦੇ ਦਾਇਰੇ ਹੇਠ ਆਉਂਦੀ ਜ਼ਮੀਨ ਵਿੱਚ ਦਬਾਈ ਗਈ ਚਾਰ ਕਿੱਲੋ 600 ਗ੍ਰਾਮ ਹੈਰੋਇਨ ਦੀ ਖੇਪ ਸਣੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਹੈਰੋਇਨ ਪਿੰਡ ਡੱਲ ਨਿਵਾਸੀ ਤਸਕਰ ਕਾਬਲ ਸਿੰਘ ਤੇ ਸੂਰਤਾ ਸਿੰਘ ਦੀ ਨਿਸ਼ਾਨਦੇਹੀ ‘ਤੇ ਬਰਾਮਦ ਕੀਤੀ ਗਈ ਤਾਂ ਉਹ ਪਲਾਸਟਿਕ ਦੀਆਂ ਬੋਤਲਾਂ ਵਿੱਚ ਸੀ। ਤਸਕਰਾਂ ਨੇ ਮੰਨਿਆ ਕਿ ਉਕਤ ਖੇਪ ਪਾਕਿਸਤਾਨ ਤੋਂ ਮੰਗਵਾਈ ਗਈ ਸੀ।
ਐਸਐਸਪੀ ਧਰੁਮਣ ਐਚ ਨਿੰਬਲੇ ਨੇ ਦੱਸਿਆ ਕਿ ਐਸਪੀ ਗੁਰਬਾਜ਼ ਸਿੰਘ, ਜਗਜੀਤ ਸਿੰਘ ਵਾਲੀਆ, ਡੀਐਸਪੀ ਰਾਜਬੀਰ ਸਿੰਘ, ਥਾਣਾ ਇੰਚਾਰਜ ਤਰਸੇਮ ਸਿੰਘ ’ਤੇ ਅਧਾਰਤ ਟੀਮ ਨੇ ਸੂਚਨਾ ਦੇ ਅਧਾਰ ’ਤੇ ਕਾਬਲ ਸਿੰਘ ਅਤੇ ਸੂਰਤਾ ਸਿੰਘ ਨਿਵਾਸੀ ਪਿੰਡ ਡੱਲ ਨਾਮ ਦੇ ਦੋ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੱਸਿਆ ਗਿਆ ਹੈ ਕਿ ਦੋਵੇਂ ਤਸਕਰ ਪਾਕਿਸਤਾਨ ਤੋਂ ਹੈਰੋਇਨ ਦੀ ਦਰਾਮਦ ਕਰਦੇ ਹਨ ਅਤੇ ਪੰਜਾਬ ਨੂੰ ਸਪਲਾਈ ਕਰਦੇ ਹਨ। ਦੋਵਾਂ ਨੇ ਹਾਲ ਹੀ ਵਿਚ ਹੈਰੋਇਨ ਦੀ ਖੇਪ ਮੰਗਵਾਕੇ ਕੰਡਿਆਲੀ ਤਾਰ ਦੀ ਪਾਰ ਵਾਲੀ ਜ਼ਮੀਨ ਵਿੱਚ ਦਬਾਈ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਵਿਧਾਇਕ ਦੀ ਆਲੀਸ਼ਾਨ ਕੋਠੀ ‘ਚ 7 AC, ਫਿਰ ਵੀ ਦਸ ਮਹੀਨਿਆਂ ਤੋਂ ਮੀਟਰ ਰੀਡਿੰਗ ਜ਼ੀਰੋ, PSPCL ਮਿਹਰਬਾਨ
ਐਸਐਸਪੀ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਡੱਲ ਪੋਸਟ ਵਿਖੇ ਸਥਿਤ ਬੁਰਜੀ ਨੰਬਰ 136, 27, 28 ਨੇੜੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਦੋ ਪਲਾਸਟਿਕ ਦੀਆਂ ਬੋਤਲਾਂ ਤੋਂ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਤੇ ਪਹਿਲੀ ਪੜਤਾਲ ਸ਼ੁਰੂ ਕਰਨ ਤੋਂ ਬਾਅਦ ਪਾਇਆ ਗਿਆ ਕਿ ਉਕਤ ਤਸਕਰ ਲੰਬੇ ਸਮੇਂ ਤੋਂ ਮੋਬਾਈਲ ਰਾਹੀਂ ਪਾਕਿਸਤਾਨ ਨਾਲ ਸੰਪਰਕ ਕਰਦੇ ਸਨ ਅਤੇ ਹੈਰੋਇਨ ਦੀ ਖੇਪ ਮੰਗਵਾਉਂਦੇ ਸਨ।