India 250 Breweries: ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਮਾਮਲੇ ਦਿਨੋਂ-ਦਿਨ ਵੱਧਦੇ ਹੀ ਜਾ ਰਹੇ ਹਨ । ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿੱਚ ਲਾਕਡਾਊਨ ਲਾਗੂ ਕੀਤਾ ਗਿਆ ਹੈ, ਪਰ ਦੇਸ਼ ਵਿੱਚ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਲਾਕਡਾਊਨ ਦੀ ਮਿਆਦ ਤੀਜੀ ਵਾਰ ਵਧਾ ਦਿੱਤੀ ਗਈ ਹੈ । ਅਜਿਹੀ ਸਥਿਤੀ ਵਿੱਚ ਬੀਅਰ ਬਣਾਉਣ ਵਾਲੀਆਂ 250 ਛੋਟੀਆਂ ਇਕਾਈਆਂ ਨੂੰ ਤਕਰੀਬਨ ਅੱਠ ਲੱਖ ਲੀਟਰ ਤਾਜ਼ੀ ਬੀਅਰ ਦੀ ਬਰਬਾਦੀ ਦੀ ਚਿੰਤਾ ਹੋਣ ਲੱਗ ਗਈ ਹੈ । ਇਸ ਦੇ ਨਾਲ ਹੀ ਦੇਸ਼ ਦੇ ਉੱਤਰੀ ਰਾਜਾਂ ਵਿੱਚ ਲਗਭਗ 700 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਅੰਗਰੇਜ਼ੀ ਸ਼ਰਾਬ ਦੀ ਸਪਲਾਈ ਠੱਪ ਹੈ ।
ਸ਼ਰਾਬ ਉਦਯੋਗ ਦੇ ਮਾਹਿਰ ਦੱਸਦੇ ਹਨ ਕਿ ਬੋਤਲਬੰਦ ਬੀਅਰ ਦੀ ਤੁਲਨਾ ਵਿੱਚ ਤਾਜ਼ੀ ਬੀਅਰ ਤੇਜ਼ੀ ਨਾਲ ਖਰਾਬ ਹੋ ਜਾਂਦੀ ਹੈ । ਇਹੀ ਕਾਰਨ ਹੈ ਕਿ ਹੁਣ ਲਾਕਡਾਊਨ ਤੀਜੀ ਵਾਰ ਵਧਣ ਕਾਰਨ ਇਸਦੇ ਖਰਾਬ ਹੋਣ ਦਾ ਖ਼ਤਰਾ ਵੱਧ ਗਿਆ ਹੈ । ਇਸ ਦੇ ਨਾਲ ਹੀ ਨਵੇਂ ਵਿੱਤੀ ਸਾਲ ਦੇ ਸ਼ੁਰੂ ਹੋਣ ਨਾਲ 700 ਕਰੋੜ ਰੁਪਏ ਦੀ ਭਾਰਤ ਵਿੱਚ ਤਿਆਰ ਅੰਗਰੇਜ਼ੀ ਸ਼ਰਾਬ ਦੀਆਂ ਲਗਭਗ 12 ਲੱਖ ਬੋਤਲਾਂ ਦਿੱਲੀ ਨੂੰ ਛੱਡ ਕੇ ਦੂਜੇ ਉੱਤਰੀ ਰਾਜਾਂ ਵਿੱਚ ਫਸੀਆਂ ਹੋਈਆਂ ਹਨ ।
ਇਸ ਸਬੰਧੀ ਬੀਅਰ ਉਦਯੋਗ ਦੇ ਸਲਾਹਕਾਰ ਈਸ਼ਾਨ ਗਰੋਵਰ ਨੇ ਦੱਸਿਆ ਕਿ ਬੋਤਲਬੰਦ ਬੀਅਰਾਂ ਦੀ ਤੁਲਨਾ ਵਿੱਚ ਤਾਜ਼ੀ ਬੀਅਰ ਤੇਜ਼ੀ ਨਾਲ ਖਰਾਬ ਹੁੰਦੀ ਹੈ । ਇਹੀ ਕਾਰਨ ਹੈ ਕਿ ਗੁੜਗਾਓਂ ਦੀਆਂ ਕਈ ਯੂਨਿਟਾਂ ਨੇ ਤਾਜ਼ੀ ਬੀਅਰ ਨਾਲੀਆਂ ਵਿੱਚ ਸੁੱਟਣੀ ਸ਼ੁਰੂ ਕਰ ਦਿੱਤੀ ਹੈ । ਇਹ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਤਾਜ਼ਾ ਰੱਖਣ ਲਈ ਬਿਜਲੀ ਦੀ ਲੋੜ ਹੁੰਦੀ ਹੈ ।
ਉੱਥੇ ਹੀ, ਕ੍ਰਾਫਟ ਬ੍ਰੂਅਰਜ਼ ਐਸੋਸੀਏਸ਼ਨ ਆਫ ਇੰਡੀਆ ਅਨੁਸਾਰ ਲਾਕਡਾਊਨ ਕਾਰਨ ਦੇਸ਼ ਭਰ ਵਿੱਚ ਲਗਭਗ ਅੱਠ ਲੱਖ ਲੀਟਰ ਤਾਜ਼ਾ ਬੀਅਰ ਦੀ ਭੰਡਾਰਨ ਵਾਲੀਆਂ ਸਾਰੀਆਂ ਥਾਵਾਂ ਬੰਦ ਹੋ ਗਈਆਂ ਹਨ । ਅਜਿਹੀ ਸਥਿਤੀ ਵਿੱਚ ਜੇ ਜਲਦੀ ਤੋਂ ਜਲਦੀ ਕੋਈ ਹੱਲ ਨਾ ਹੋਇਆ ਤਾਂ ਇਨ੍ਹਾਂ ਨੂੰ ਵੀ ਨਾਲੀਆਂ ਵਿੱਚ ਸੁੱਟਣਾ ਪਵੇਗਾ ।