India case count nears: ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਹੁਣ ਤੱਕ ਇਸ ਵਾਇਰਸ ਕਾਰਨ 39 ਹਜ਼ਾਰ 980 ਲੋਕ ਪੀੜਤ ਹੋ ਚੁੱਕੇ ਹਨ, ਜਦਕਿ 1301 ਲੋਕਾਂ ਦੀ ਮੌਤ ਹੋ ਚੁੱਕੀ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 2,644 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 83 ਮਰੀਜ਼ਾਂ ਦੀ ਮੌਤ ਹੋ ਗਈ ਹੈ । ਉੱਥੇ ਹੀ ਰਾਹਤ ਦੀ ਗੱਲ ਇਹ ਵੀ ਹੈ ਕਿ ਕੋਰੋਨਾ ਨਾਲ ਪੀੜਤ ਲੋਕਾਂ ਦੇ ਸਿਹਤਮੰਦ ਹੋਣ ਦੀ ਰਫਤਾਰ ਵੀ ਤੇਜ਼ ਹੋਈ ਹੈ । ਹੁਣ ਤੱਕ 10,633 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ।
ਸਿਹਤ ਮੰਤਰਾਲੇ ਅਨੁਸਾਰ ਮਹਾਂਰਾਸ਼ਟਰ ਵਿੱਚ 521, ਗੁਜਰਾਤ ਵਿੱਚ 262, ਮੱਧ ਪ੍ਰਦੇਸ਼ ਵਿੱਚ 151, ਰਾਜਸਥਾਨ ਵਿੱਚ 65, ਦਿੱਲੀ ਵਿੱਚ 64, ਉੱਤਰ ਪ੍ਰਦੇਸ਼ ਵਿੱਚ 43, ਆਂਧਰਾ ਪ੍ਰਦੇਸ਼ ਵਿੱਚ 33, ਪੱਛਮੀ ਬੰਗਾਲ ਵਿੱਚ 33, ਤਾਮਿਲਨਾਡੂ ਵਿੱਚ 29, ਤੇਲੰਗਾਨਾ, ਕਰਨਾਟਕ ਵਿੱਚ 28 ਹਨ, ਪੰਜਾਬ ਵਿੱਚ 20, ਜੰਮੂ ਅਤੇ ਕਸ਼ਮੀਰ ਵਿੱਚ 8, ਹਰਿਆਣਾ ਵਿੱਚ 4, ਕੇਰਲ ਵਿੱਚ 4, ਝਾਰਖੰਡ ਵਿੱਚ 3, ਬਿਹਾਰ ਵਿੱਚ 4, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਉੜੀਸਾ ਵਿੱਚ 1-1 ਮੌਤਾਂ ਹੋਈਆਂ ਹਨ ।
ਦਰਅਸਲ, ਦੇਸ਼ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਅਸਰ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਜਿੱਥੇ ਪਿਛਲੇ ਇੱਕ ਦਿਨ ਵਿੱਚ 790 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਵਿੱਚ ਪੀੜਤਾਂ ਦੀ ਗਿਣਤੀ 12,296 ‘ਤੇ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 521 ਹੋ ਗਈ ਹੈ । ਉੱਥੇ ਹੀ ਸੂਬੇ ਵਿੱਚ 2,000 ਪੀੜਤ ਮਰੀਜ਼ ਠੀਕ ਹੋ ਚੁੱਕੇ ਹਨ ।
ਇਸ ਤੋਂ ਇਲਾਵਾ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀ ਹਾਲਾਤ ਚਿੰਤਾਜਨਕ ਬਣੇ ਹੋਏ ਹਨ, ਜਿੱਥੇ ਪਿਛਲੇ 24 ਘੰਟਿਆਂ ਵਿੱਚ 384 ਨਵੇਂ ਮਾਮਲੇ ਦਰਜ ਕੀਤੇ ਗਏ ਹਨ. ਜਿਸ ਤੋਂ ਬਾਅਦ ਕੁੱਲ 4,122 ਲੋਕ ਇਸ ਮਹਾਂਮਾਰੀ ਤੋਂ ਪੀੜਤ ਹੋਏ ਹਨ । ਦਿੱਲੀ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 66 ਹੋ ਗਈ ਹੈ ।