India Coronavirus Pandemic: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ । ਪਿਛਲੇ 24 ਘੰਟਿਆਂ ਵਿੱਚ 126 ਲੋਕਾਂ ਦੀ ਮੌਤ ਹੋ ਗਈ ਹੈ । ਹੁਣ ਤੱਕ ਇਸ ਜਾਨਲੇਵਾ ਵਾਇਰਸ ਦੇ ਤਕਰੀਬਨ 50 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ । ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 49 ਹਜ਼ਾਰ 391 ਲੋਕ ਪੀੜਤ ਹੋਏ ਹਨ । ਇਸ ਦੇ ਨਾਲ ਹੀ 1694 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 14 ਹਜ਼ਾਰ 183 ਲੋਕ ਠੀਕ ਵੀ ਹੋ ਗਏ ਹਨ ।
ਪਿਛਲੇ ਇੱਕ ਹਫਤੇ ਵਿੱਚ ਕੋਰੋਨਾ ਵਾਇਰਸ ਕਾਰਨ ਹੋਈ ਮੌਤ ਦੀ ਦਰ ਵਿੱਚ ਵਾਧਾ ਹੋਇਆ ਹੈ। 30 ਅਪ੍ਰੈਲ ਨੂੰ ਮੌਤ ਦਰ 3.2 ਪ੍ਰਤੀਸ਼ਤ ਸੀ, ਤਾਂ ਉੱਥੇ ਹੀ ਮੰਗਲਵਾਰ ਨੂੰ ਇਹ 3.4 ਪ੍ਰਤੀਸ਼ਤ ਦਰਜ ਕੀਤੀ ਗਈ । ਮੰਗਲਵਾਰ ਨੂੰ ਹੋਈਆਂ ਮੌਤਾਂ ਦੀ ਕੁੱਲ ਗਿਣਤੀ ਵਿਚੋਂ ਸਭ ਤੋਂ ਵੱਧ 79 ਮਾਮਲੇ ਪੱਛਮੀ ਬੰਗਾਲ ਤੋਂ ਸਾਹਮਣੇ ਆਏ, ਜਿਨ੍ਹਾਂ ਵਿਚੋਂ ਰਾਜ ਸਰਕਾਰ ਨੇ 72 ਸ਼ੱਕੀ ਮੌਤਾਂ ਨੂੰ ਕੋਰੋਨਾ ਦੇ ਅੰਕੜਿਆਂ ਵਿੱਚ ਸ਼ਾਮਿਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ ।
ਸਿਹਤ ਮੰਤਰਾਲੇ ਦੇ ਅਨੁਸਾਰ ਮਹਾਂਰਾਸ਼ਟਰ ਵਿੱਚ ਸਭ ਤੋਂ ਵੱਧ 617, ਗੁਜਰਾਤ ਵਿੱਚ 368, ਮੱਧ ਪ੍ਰਦੇਸ਼ ਵਿੱਚ 176, ਰਾਜਸਥਾਨ ਵਿੱਚ 89, ਦਿੱਲੀ ਵਿੱਚ 64, ਉੱਤਰ ਪ੍ਰਦੇਸ਼ ਵਿੱਚ 56, ਆਂਧਰਾ ਪ੍ਰਦੇਸ਼ ਵਿੱਚ 36, ਪੱਛਮੀ ਬੰਗਾਲ ਵਿੱਚ 140, ਤਾਮਿਲਨਾਡੂ ਵਿੱਚ 33, ਤੇਲੰਗਾਨਾ ਵਿੱਚ 29, ਕਰਨਾਟਕ ਵਿੱਚ 29 ਮੌਤਾਂ, ਪੰਜਾਬ ਵਿੱਚ 25, ਜੰਮੂ ਅਤੇ ਕਸ਼ਮੀਰ ਵਿੱਚ 8, ਹਰਿਆਣਾ ਵਿੱਚ 6, ਕੇਰਲ ਵਿੱਚ 4, ਝਾਰਖੰਡ ਵਿੱਚ 3, ਬਿਹਾਰ ਵਿੱਚ 4, ਹਿਮਾਚਲ ਪ੍ਰਦੇਸ਼ ਵਿੱਚ 2, ਚੰਡੀਗੜ੍ਹ, ਅਸਾਮ, ਮੇਘਾਲਿਆ ਅਤੇ ਉੜੀਸਾ ਵਿੱਚ 1-1 ਮੌਤਾਂ ਹੋਈਆਂ ਹਨ ।
ਦੇਸ਼ ਵਿੱਚ ਇਸ ਵਾਇਰਸ ਦਾ ਸਭ ਤੋਂ ਵੱਧ ਅਸਰ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਮਹਾਂਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਇੱਥੇ ਪਿਛਲੇ 24 ਘੰਟਿਆਂ ਦੌਰਾਨ 841 ਨਵੇਂ ਕੇਸ ਸਾਹਮਣੇ ਆਏ ਹਨ । ਇਸ ਦੇ ਨਾਲ ਹੀ ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਕਾਰਨ 34 ਲੋਕਾਂ ਦੀ ਮੌਤ ਹੋ ਗਈ ਹੈ । ਇਸ ਤੋਂ ਬਾਅਦ ਰਾਜਧਾਨੀ ਦਿੱਲੀ ਦੂਜੇ ਨੰਬਰ ‘ਤੇ ਹੈ, ਜਿੱਥੇ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ । ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 5000 ਤੋਂ ਪਾਰ ਹੋ ਗਈ ਹੈ । ਦਿੱਲੀ ਸਰਕਾਰ ਦੇ ਅਧਿਕਾਰੀਆਂ ਅਨੁਸਾਰ ਇੱਕ ਦਿਨ ਵਿੱਚ 206 ਨਵੇਂ ਮਾਮਲੇ ਦਰਜ ਕੀਤੇ ਗਏ ਹਨ । ਸੋਮਵਾਰ ਨੂੰ ਲਗਾਤਾਰ ਤੀਜੇ ਦਿਨ ਕੋਈ ਮੌਤ ਨਹੀਂ ਹੋਈ ।