India coronavirus record: ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 2900 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਹੁਣ ਤੱਕ ਦੇ ਇਸ ਵਾਇਰਸ ਦੇ ਇੱਕ ਦਿਨ ਵਿੱਚ ਸਭ ਤੋਂ ਵੱਧ ਮਾਮਲੇ ਹਨ ਅਤੇ 99 ਮਰੀਜ਼ਾਂ ਦੀ ਮੌਤ ਹੋ ਗਈ ਹੈ । ਜਿਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਕੋਰੋਨਾ ਦੇ ਹੁਣ ਤੱਕ ਕੁੱਲ 45,356 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 111 ਵਿਦੇਸ਼ੀ ਮਰੀਜ਼ ਹਨ । ਇਸ ਵਾਇਰਸ ਕਾਰਨ ਹੁਣ ਤੱਕ 1490 ਲੋਕ ਆਪਣੀ ਜਾਨ ਗੁਆ ਚੁੱਕੇ ਹਨ ।
ਬੀਤੇ 4 ਦਿਨਾਂ ‘ਚ ਲਗਾਤਾਰ ਵਧੇ ਮਾਮਲੇ
ਪਿਛਲੇ 4 ਦਿਨਾਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 10 ਹਜ਼ਾਰ 462 ਮਾਮਲੇ ਸਾਹਮਣੇ ਆਏ ਹਨ । ਇਹ ਹੁਣ ਤੱਕ ਦੇ ਕੁੱਲ ਐਕਟਿਵ ਮਾਮਲਿਆਂ ਦਾ 34 ਪ੍ਰਤੀਸ਼ਤ ਹੈ। ਸੋਮਵਾਰ ਨੂੰ ਦੇਸ਼ ਵਿੱਚ ਕੋਰੋਨਾ ਕਾਰਨ 99 ਲੋਕਾਂ ਦੀ ਮੌਤ ਹੋ ਗਈ । ਸ਼ਨੀਵਾਰ ਨੂੰ ਇੰਨੇ ਹੀ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਸੀ। ਭਾਰਤ ਵਿੱਚ ਕੋਰੋਨਾ ਕਾਰਨ ਹੋਣ ਵਾਲਿਆਂ ਮੌਤਾਂ ਦੀ ਕੁੱਲ ਗਿਣਤੀ 1490 ਹੋ ਗਈ ਹੈ । ਇਸ ਦੇ ਨਾਲ ਹੀ ਇੱਥੇ 12 ਹਜ਼ਾਰ 763 ਮਰੀਜ਼ ਤੰਦਰੁਸਤ ਹੋ ਗਏ ਹਨ ।
ਹੁਣ ਤੱਕ 1490 ਲੋਕਾਂ ਦੀ ਮੌਤ
ਤਾਮਿਲਨਾਡੂ ਮਹਾਂਰਾਸ਼ਟਰ ਤੋਂ ਬਾਅਦ ਹੁਣ ਦੂਜਾ ਸੂਬਾ ਬਣ ਗਿਆ ਹੈ, ਜਿੱਥੇ ਇਕੋ ਦਿਨ ਵਿੱਚ ਕੋਰੋਨਾ ਵਾਇਰਸ ਦੇ 500 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ । ਸੋਮਵਾਰ ਨੂੰ ਮਹਾਂਰਾਸ਼ਟਰ ਵਿੱਚ 771, ਤਾਮਿਲਨਾਡੂ ਵਿੱਚ 527, ਗੁਜਰਾਤ ਵਿੱਚ 376, ਦਿੱਲੀ ਵਿੱਚ 349, ਰਾਜਸਥਾਨ ਵਿੱਚ 175 ਮਾਮਲੇ ਦਰਜ ਕੀਤੇ ਗਏ। ਹਰਿਆਣਾ ਅਤੇ ਪੱਛਮੀ ਬੰਗਾਲ ਵਿੱਚ ਇਹ ਗਿਣਤੀ ਕ੍ਰਮਵਾਰ 75 ਅਤੇ 61 ਰਹੀ।
ਜੇਕਰ ਇੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਕੋਰੋਨਾ ਦੇ ਮਾਮਲਿਆਂ ਦੀ ਰਫਤਾਰ ਵਧਦੀ ਜਾ ਰਹੀ ਹੈ। ਪਿਛਲਾ ਇੱਕ ਹਫਤੇ ਰਾਜ ਲਈ ਬਹੁਤ ਚੁਣੌਤੀਪੂਰਨ ਰਿਹਾ। ਨਾਂਦੇੜ ਤੋਂ ਵਾਪਸ ਆਉਣ ਵਾਲੇ ਸ਼ਰਧਾਲੂਆਂ ਦੇ ਪੀੜਤ ਹੋਣ ਦੀ ਗਿਣਤੀ ਬਹੁਤ ਜ਼ਿਆਦਾ ਹੈ । ਸੋਮਵਾਰ ਨੂੰ ਪੰਜਾਬ ਵਿੱਚ 132 ਕੋਰੋਨਾ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਨਾਂਦੇੜ ਤੋਂ ਵਾਪਸ ਆਏ 124 ਸ਼ਰਧਾਲੂ ਵੀ ਸ਼ਾਮਿਲ ਹਨ । ਜਿਸ ਤੋਂ ਬਾਅਦ ਪੰਜਾਬ ਵਿਚ ਪੀੜਤਾਂ ਦੀ ਗਿਣਤੀ ਕੁੱਲ 1232 ਹੋ ਗਈ ।
ਇਸ ਤੋਂ ਇਲਾਵਾ ਪਿਛਲੇ ਹਫ਼ਤੇ ਹਰਿਆਣਾ ਵਿੱਚ ਵੀ ਕੋਰੋਨਾ ਵਾਇਰਸ ਮਾਮਲਿਆਂ ਵਿੱਚ 195 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਸੀ । ਰਾਜ ਵਿੱਚ ਇਸ ਸਮੇਂ 517 ਕੇਸ ਹਨ । ਤੇਲੰਗਾਨਾ ਵਿੱਚ ਮਰੀਜ਼ਾਂ ਦੀ ਗਿਣਤੀ 1650 ਹੈ। ਇਥੇ 1 ਲੱਖ 25 ਹਜ਼ਾਰ ਟੈਸਟ ਹੋ ਚੁੱਕੇ ਹਨ। ਇਸ ਦੇ ਨਾਲ ਹੀ ਬਿਹਾਰ ਅਤੇ ਝਾਰਖੰਡ ਵਿੱਚ ਕੋਰੋਨਾ ਦੇ ਕੇਸ ਘੱਟ ਗਏ ਹਨ । ਸੋਮਵਾਰ ਨੂੰ ਬਿਹਾਰ ਵਿੱਚ 11 ਨਵੇਂ ਮਾਮਲਿਆਂ ਨਾਲ ਕੁੱਲ ਗਿਣਤੀ 528 ਤੱਕ ਪਹੁੰਚ ਗਈ ਹੈ ।