India COVID-19 cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਹੁਣ ਹੋਰ ਖਤਰਨਾਕ ਰੂਪ ਲੈਂਦਾ ਜਾ ਰਿਹਾ ਹੈ । ਦੇਸ਼ ਵਿੱਚ ਲਾਕਡਾਊਨ ਲਾਗੂ ਹੋਣ ਦੇ ਬਾਵਜੂਦ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ । ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੀ ਲਪੇਟ ਵਿੱਚ ਆ ਕੇ 194 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਇੱਕ ਦਿਨ ਵਿੱਚ ਜਾਨ ਗਵਾਉਣ ਵਾਲਿਆਂ ਦਾ ਸਭ ਤੋਂ ਵੱਧ ਅੰਕੜਾ ਹੈ । ਪਿਛਲੇ 24 ਘੰਟਿਆਂ ਵਿੱਚ 6566 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਇੱਕ ਲੱਖ 58 ਹਜ਼ਾਰ 333 ਹੈ ।
ਇਸ ਜਾਨਲੇਵਾ ਬੀਮਾਰੀ ਦੀ ਲਪੇਟ ਵਿੱਚ ਆ ਕੇ ਹੁਣ ਤੱਕ 4531 ਲੋਕਾਂ ਨੇ ਜਾਨ ਗਵਾ ਦਿੱਤੀ ਹੈ । ਉੱਥੇ ਹੀ ਚੰਗੀ ਗੱਲ ਇਹ ਹੈ ਕਿ ਹੁਣ ਤੱਕ 67 ਹਜ਼ਾਰ 692 ਲੋਕ ਠੀਕ ਹੋ ਚੁੱਕੇ ਹਨ । ਜਿਸ ਤੋਂ ਬਾਅਦ ਹਾਲੇ ਵੀ ਦੇਸ਼ ਵਿੱਚ 86 ਹਜ਼ਾਰ 110 ਮਾਮਲੇ ਸਰਗਰਮ ਹਨ । ਦੇਸ਼ ਵਿੱਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਂਰਾਸ਼ਟਰ ਹੈ । ਇੱਥੇ 57 ਹਜ਼ਾਰ ਦੇ ਕਰੀਬ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 1897 ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਮਹਾਂਰਾਸ਼ਟਰ ਤੋਂ ਬਾਅਦ ਤਾਮਿਲਨਾਡੂ ਵਿੱਚ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 18 ਹਜ਼ਾਰ 545 ਹੈ, ਜਿਨ੍ਹਾਂ ਵਿੱਚੋਂ 133 ਲੋਕਾਂ ਦੀ ਮੌਤ ਹੋ ਚੁੱਕੀ ਹੈ । ਦਿੱਲੀ ਵਿੱਚ ਮਰੀਜ਼ਾਂ ਦੀ ਗਿਣਤੀ 15 ਹਜ਼ਾਰ 257 ਹੈ, ਜਿਨ੍ਹਾਂ ਵਿੱਚੋਂ 303 ਲੋਕਾਂ ਦੀ ਮੌਤ ਹੋ ਚੁੱਕੀ ਹੈ।ਦਰਅਸਲ, ਕੋਰੋਨਾ ਨਾਲ ਮੌਤ ਦਾ ਅੰਕੜਾ ਹਰ ਰੋਜ਼ ਵਧਦਾ ਜਾ ਰਿਹਾ ਹੈ । 20 ਮਈ ਨੂੰ 140 ਲੋਕਾਂ ਦੀ ਮੌਤ ਹੋਈ ਸੀ । ਜਿਸ ਤੋਂ ਬਾਅਦ 21 ਮਈ ਨੂੰ 132, 22 ਮਈ ਨੂੰ 148, 23 ਮਈ ਨੂੰ 137, 24 ਮਈ ਨੂੰ 147, 25 ਮਈ ਨੂੰ 154, 26 ਮਈ ਨੂੰ 146, 27 ਮਈ ਨੂੰ 179 ਅਤੇ ਅੱਜ ਯਾਨੀ 28 ਮਈ ਨੂੰ 194 ਲੋਕ ਕੋਰੋਨਾ ਤੋਂ ਜੰਗ ਹਾਰ ਗਏ ।