India Covid-19 Update: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲੇ ਦਿਨੋਂ-ਦਿਨ ਵੱਧਦੇ ਹੀ ਜਾ ਰਹੇ ਹਨ । ਜਿਸ ਕਾਰਨ ਹੁਣ ਭਾਰਤ ਵਿੱਚ ਕੋਰੋਨਾ ਦੇ ਮਾਮਲੇ 10 ਦਿਨਾਂ ਵਿੱਚ ਦੁਗਣੇ ਹੋ ਰਹੇ ਹਨ । ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 59,662 ਹੋ ਗਈ ਹੈ, ਜਿਨ੍ਹਾਂ ਵਿਚੋਂ 1981 ਲੋਕਾਂ ਦੀ ਮੌਤ ਹੋ ਚੁੱਕੀ ਹੈ । ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 3,320 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 95 ਲੋਕਾਂ ਦੀ ਮੌਤ ਹੋ ਗਈ ਹੈ ।
ਰੋਜ਼ਾਨਾ 3000 ਤੋਂ ਵੱਧ ਮਾਮਲੇ
3 ਮਈ ਨੂੰ 24 ਘੰਟਿਆਂ ਵਿੱਚ 2,553 ਕੇਸ ਸਾਹਮਣੇ ਆਏ ਸਨ, ਜੋ ਆਖਰੀ ਵਾਰ ਸੀ ਜਦੋਂ ਕੋਰੋਨਾ ਵਾਇਰਸ ਦੇ ਕੇਸ ਇੱਕ ਦਿਨ ਵਿੱਚ 3000 ਤੋਂ ਵੱਧ ਨਹੀਂ ਹੋਏ ਸਨ । ਉਸ ਤੋਂ ਬਾਅਦ ਹੁਣ ਤੱਕ ਹਰ ਰੋਜ਼ 3 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ । 4 ਮਈ ਨੂੰ 3,900 ਮਾਮਲੇ ਸਾਹਮਣੇ ਆਏ ਸਨ । ਇਸ ਦੇ ਕਾਰਨ ਕੋਰੋਨਾ ਮਾਮਲਿਆਂ ਵਧਣ ਦੀ ਰਫਤਾਰ ਤੇਜ਼ ਹੋ ਗਈ । ਉਹ ਮਾਮਲੇ ਜੋ ਪਹਿਲੇ 13 ਦਿਨਾਂ ਵਿੱਚ ਦੁਗਣੇ ਹੋ ਰਹੇ ਸਨ, ਹੁਣ ਇਹ ਘੱਟ ਕੇ 10 ਹੋ ਗਏ ਹਨ ।
ਇਸ ਸਬੰਧੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ- ਦੋ ਦਿਨ ਪਹਿਲਾਂ ਤੱਕ ਮਾਮਲੇ 12 ਦਿਨਾਂ ਵਿੱਚ ਦੁਗਣੇ ਹੋ ਰਹੇ ਸਨ, ਜੋ ਹੁਣ 10 ਦਿਨਾਂ ਵਿੱਚ ਦੁਗਣੇ ਹੋ ਰਹੇ ਹਨ । ਇਹ ਤਬਦੀਲੀ ਅਜਿਹੇ ਸਮੇਂ ਹੋਈ ਹੈ ਜਦੋਂ ਅਸੀਂ ਲਾਕਡਾਊਨ ਨੂੰ ਹੋਰ ਢਿੱਲ ਦੇਣ ਦੀ ਗੱਲ ਕਰ ਰਹੇ ਹਾਂ । ਸਾਡੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ । ਸਾਨੂੰ ਵਾਇਰਸਾਂ ਨਾਲ ਜਿਉਣਾ ਸਿੱਖਣ ਦੀ ਜ਼ਰੂਰਤ ਹੈ । ਸਾਡੇ ਕੋਲ ਕੁਝ ਵਿਸ਼ੇਸ਼ ਦਿਸ਼ਾ-ਨਿਰਦੇਸ਼ ਹਨ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ । ਇਕ ਛੋਟੀ ਜਿਹੀ ਗਲਤੀ ਵੀ ਸਾਨੂੰ ਭਾਰੀ ਪੈ ਸਕਦੀ ਹੈ ।
ਦੱਸ ਦੇਈਏ ਕਿ ਦੇਸ਼ ਵਿੱਚ ਹੁਣ ਤੱਕ 17,847 ਲੋਕ ਠੀਕ ਹੋ ਕੇ ਘਰ ਚਲੇ ਗਏ ਹਨ । ਦੇਸ਼ ਵਿੱਚ ਰਿਕਵਰੀ ਰੇਟ ਵਧ ਕੇ 29.36 ਪ੍ਰਤੀਸ਼ਤ ਹੋ ਗਈ ਹੈ, ਜਿਸਦਾ ਅਰਥ ਹੈ ਕਿ ਹਰ 3 ਵਿਅਕਤੀਆਂ ਵਿਚੋਂ ਇੱਕ ਵਿਅਕਤੀ ਸਹੀ ਹੋ ਰਿਹਾ ਹੈ ।