India Lockdown 3.0: ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਵਿੱਚ ਮਾਰਚ ਦੇ ਅੰਤਿਮ ਦਿਨਾਂ ਤੋਂ ਲਾਕਡਾਊਨ ਲਾਗੂ ਕੀਤਾ ਹੋਇਆ ਹੈ, ਜਿਸਦਾ ਤੀਜਾ ਪੜਾਅ ਅੱਜ ਯਾਨੀ ਕਿ 4 ਮਈ ਤੋਂ ਸ਼ੁਰੂ ਹੋ ਰਿਹਾ ਹੈ । ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਜ਼ਿਲ੍ਹਿਆਂ ਨੂੰ ਤਿੰਨ ਜ਼ੋਨਾਂ ਵਿੱਚ ਵੰਡਦਿਆਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ । ਜਿਸ ਵਿੱਚ ਲੋਕਾਂ ਨੂੰ ਕੁਝ ਛੂਟ ਦਿੱਤੀ ਗਈ ਹੈ । ਕੇਂਦਰ ਸਰਕਾਰ ਵੱਲੋਂ ਜ਼ਿਲ੍ਹਿਆਂ ਨੂੰ ਗ੍ਰੀਨ, ਓਰੇਂਜ ਅਤੇ ਰੈੱਡ ਜ਼ੋਨਾਂ ਵਿੱਚ ਵੰਡਿਆ ਗਿਆ ਹੈ । ਇਸ ਦੇ ਨਾਲ ਹੀ ਬਹੁਤ ਸਾਰੇ ਸੂਬਿਆਂ ਨੇ ਪਿਛਲੇ ਦਿਨੀਂ ਕੁਝ ਖੇਤਰਾਂ ਨੂੰ ਛੋਟ ਦੇਣ ਅਤੇ ਕੁਝ ਖੇਤਰਾਂ ‘ਤੇ ਪਾਬੰਦੀ ਲਗਾਉਣ ਦਾ ਐਲਾਨ ਵੀ ਕੀਤਾ ਹੈ ।
ਪੰਜਾਬ :
ਜੇਕਰ ਇਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਵੱਲੋਂ ਆਪਣੀ ਸੂਚੀ 1 ਮਈ ਨੂੰ ਜਾਰੀ ਕੀਤੀ ਸੀ, ਉਸ ਸਮੇਂ ਪੰਜਾਬ ਦੇ ਸਿਰਫ਼ ਤਿੰਨ ਜ਼ਿਲ੍ਹੇ ਰੈੱਡ ਜ਼ੋਨ ਵਿੱਚ ਸਨ, ਪਰ ਹੁਣ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਦੇ ਵਾਪਸ ਆਉਣ ਨਾਲ ਸੂਬੇ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ । ਜਿਸ ਕਾਰਨ ਸੂਬੇ ਵਿੱਚ ਹੁਣ ਅਜਿਹਾ ਕੋਈ ਜ਼ਿਲ੍ਹਾ ਨਹੀਂ ਬਚਿਆ ਹੈ, ਜਿੱਥੇ ਕੋਈ ਕੋਰੋਨਾ ਪੀੜਤ ਮਰੀਜ਼ ਨਾ ਹੋਵੇ । ਇਸਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਕਰਫਿਊ ਵਿੱਚ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 9 ਤੋਂ ਦੁਪਹਿਰ 1 ਵਜੇ ਤਕ ਵਧਾ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਇਹ ਸਵੇਰੇ 7 ਤੋਂ ਸਵੇਰੇ 11 ਵਜੇ ਤੱਕ ਸੀ । ਇਸ ਵਿੱਚ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਰੈਡ ਜ਼ੋਨ ਵਿੱਚ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ ।
ਦਿੱਲੀ :
ਦਿੱਲੀ ਸਰਕਾਰ ਵੱਲੋਂ 4 ਮਈ ਤੋਂ ਕੁਝ ਛੂਟਾਂ ਦਿੱਤੀਆਂ ਜਾ ਰਹੀਆਂ ਹਨ । ਜਿਸ ਵਿੱਚ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ ਦਫ਼ਤਰ ਅੱਜ ਯਾਨੀ ਕਿ ਸੋਮਵਾਰ ਤੋਂ ਖੁੱਲ੍ਹਣਗੇ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਲਾਕਡਾਊਨ ਦੌਰਾਨ ਰੈੱਡ ਜ਼ੋਨ ਵਿੱਚ ਦਿੱਤੀਆਂ ਗਈਆਂ ਸਾਰੀਆਂ ਰਾਹਤਾਂ ਲਾਗੂ ਰਹਿਣਗੀਆਂ । ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਰਕਾਰੀ ਦਫ਼ਤਰਾਂ ਵਿੱਚ ਸਟਾਫ ਦੀ 100% ਮੌਜੂਦਗੀ ਰਹੇਗੀ । ਦੂਜੇ ਸਰਕਾਰੀ ਦਫ਼ਤਰ ਵਿੱਚ ਸਕੱਤਰ ਤੇ ਉਪ ਸਕੱਤਰ ਤੋਂ ਇਲਾਵਾ 33% ਮੁਲਾਜ਼ਮ ਹਾਜ਼ਰ ਹੋਣਗੇ । ਇਸ ਦੇ ਨਾਲ ਹੀ ਸਾਈਕਲ, ਰਿਕਸ਼ਾ, ਆਟੋ, ਰਿਕਸ਼ਾ, ਮੈਟਰੋ, ਬੱਸ ਸੇਵਾਵਾਂ ‘ਤੇ ਪਾਬੰਦੀ ਰਹੇਗੀ । ਨਾਈ ਦੀ ਦੁਕਾਨ, ਸਪਾ, ਸੈਲੂਨ ਬੰਦ ਰਹਿਣਗੇ। ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ ‘ਤੇ ਪਾਬੰਦੀ ਰਹੇਗੀ । ਇਸ ਵਿੱਚ ਦਿੱਲੀ ਸਰਕਾਰ ਨੇ ਸਿਰਫ ਸਟੇਸ਼ਨਰੀ, ਸਾਰੀਆਂ ਤਰ੍ਹਾਂ ਦੀਆਂ ਸਟੈਂਡ ਅਲੋਨ ਦੁਕਾਨਾਂ ਖੁਲ੍ਹੀਆਂ ਰਹਿਣਗੀਆਂ. ਇਸ ਤੋਂ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਵੀ ਖੁਲ੍ਹੀਆਂ ਰਹਿਣਗੀਆਂ ।
ਉੱਤਰ ਪ੍ਰਦੇਸ਼ :
ਯੂਪੀ ਵਿੱਚ ਸੋਮਵਾਰ ਤੋਂ ਗ੍ਰੀਨ ਜ਼ੋਨ ਵਾਲੇ ਜ਼ਿਲ੍ਹਿਆਂ ਵਿੱਚ ਬੱਸਾਂ ਚੱਲਣਗੀਆਂ । ਇਨ੍ਹਾਂ ਨੂੰ ਸਿਰਫ 50 ਫ਼ੀਸਦੀ ਸੀਟਾਂ ਨਾਲ ਹੀ ਚਲਾਇਆ ਜਾਵੇਗਾ. ਇਸ ਤੋਂ ਇਲਾਵਾ ਟੈਕਸੀ ਵੀ ਸਿਰਫ ਦੋ ਸਵਾਰੀਆਂ ਨੂੰ ਬਿਠਾ ਕੇ ਹੀ ਚੱਲ ਸਕਦੀ ਹੈ । ਇਥੋਂ ਦੇ ਰੈਡ ਤੇ ਓਰੇਂਜ ਜ਼ੋਨਾਂ ਵਿੱਚ 50 ਤੋਂ ਵੱਧ ਮੁਲਾਜ਼ਮਾਂ ਵਾਲੇ ਅਦਾਰੇ ਵਿੱਚ ਜਨਤਕ ਆਵਾਜਾਈ ‘ਤੇ ਨਿਰਭਰਤਾ ਤੋਂ ਬਗੈਰ ਵਿਸ਼ੇਸ਼ ਆਵਾਜਾਈ ਸਹੂਲਤ ਦਿੱਤੀ ਜਾਵੇਗੀ । ਕੰਮ ਵਾਲੀ ਥਾਂ ‘ਤੇ ਥਰਮਲ ਸਕ੍ਰੀਨਿੰਗ ਹੋਵੇਗੀ । ਕੰਮ ਵਾਲੀ ਥਾਂ ‘ਤੇ ਦੋਵਾਂ ਸ਼ਿਫਟਾਂ ਵਿਚਕਾਰ ਇੱਕ ਘੰਟੇ ਦਾ ਫ਼ਾਸਲਾ ਹੋਵੇਗਾ । ਸਟਾਫ਼ ਵੱਖ-ਵੱਖ ਬੈਠ ਕੇ ਖਾਣਾ ਖਾਣਗੇ । ਦੋ ਲੋਕ ਘੱਟੋ-ਘੱਟ 6 ਫੁੱਟ ਦੀ ਦੂਰੀ ‘ਤੇ ਕੰਮ ਕਰਨਗੇ । 10 ਤੋਂ ਵੱਧ ਲੋਕਾਂ ਦੀਆਂ ਮੀਟਿੰਗਾਂ ਨਹੀਂ ਹੋਣਗੀਆਂ । ਇੱਥੇ ਸਵੇਰੇ 10 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣਗੀਆਂ ।
ਬਿਹਾਰ :
ਬਿਹਾਰ ਦੇ ਗ੍ਰੀਨ ਤੇ ਓਰੇਂਜ ਜ਼ੋਨ ਵਿੱਚ ਸ਼ਾਮਿਲ 33 ਜ਼ਿਲ੍ਹਿਆਂ ਵਿੱਚ ਈ-ਕਾਮਰਸ ਤੋਂ ਕੋਈ ਵੀ ਚੀਜ਼ ਖਰੀਦੀ ਜਾ ਸਕਦੀ ਹੈ । ਉੱਥੇ ਹੀ ਰੈੱਡ ਜ਼ੋਨ ਵਿੱਚ ਸ਼ਾਮਿਲ ਪੰਜ ਜ਼ਿਲ੍ਹਿਆਂ ਵਿੱਚ ਸਿਰਫ਼ ਜ਼ਰੂਰੀ ਚੀਜ਼ਾਂ ਹੀ ਖਰੀਦੀਆਂ ਜਾ ਸਕਦੀਆਂ ਹਨ । ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਗ੍ਰੀਨ, ਓਰੇਂਜ ਤੇ ਰੈੱਡ ਜ਼ੋਨ ‘ਚ ਕੀਤੀਆਂ ਜਾ ਸਕਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ।
ਝਾਰਖੰਡ:
ਅਗਲੇ ਦੋ ਹਫ਼ਤਿਆਂ ਤੱਕ ਝਾਰਖੰਡ ਵਿੱਚ ਲਾਕਡਾਊਨ ਵਿੱਚ ਕੋਈ ਢਿੱਲ ਨਹੀਂ ਦਿੱਤੀ ਗਈ ਹੈ । ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਹੈ ਕਿ ਅਗਲੇ ਦੋ ਹਫ਼ਤਿਆਂ ਤੱਕ ਸੂਬੇ ਵਿੱਚ ਸਥਿਤੀ ਜਿਉਂ ਦੀ ਤਿਉਂ ਰਹੇਗੀ । ਇਸ ਸਬੰਧ ਵਿੱਚ ਸੀਐਮ ਸੋਰੇਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, “ਸਾਡੇ ਮਿਹਨਤੀ ਭਰਾ-ਭੈਣਾਂ, ਵਿਦਿਆਰਥੀਆਂ ਅਤੇ ਹੋਰ ਲੋਕ ਵੱਖ-ਵੱਖ ਸੂਬਿਆਂ ਤੋਂ ਆਪਣੇ ਘਰ ਆ ਰਹੇ ਹਨ । ਇਸ ਲਈ ਸਾਵਧਾਨੀ ਵਜੋਂ ਅਗਲੇ 2 ਹਫ਼ਤਿਆਂ ਲਈ ਝਾਰਖੰਡ ਵਿੱਚ ਲਾਕਡਾਊਨ ਜਾਰੀ ਰਹੇਗਾ । ਲੌਕਡਾਊਨ ‘ਚ ਛੋਟ ਬਾਰੇ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਨਵੀਆਂ ਹਦਾਇਤਾਂ ਇਸ ਦੌਰਾਨ ਝਾਰਖੰਡ ਵਿੱਚ ਲਾਗੂ ਨਹੀਂ ਹੋਣਗੀਆਂ ।
ਰਾਜਸਥਾਨ :
ਰਾਜਸਥਾਨ ਦੇ ਅੱਠ ਜ਼ਿਲ੍ਹੇ ਰੈੱਡ ਜ਼ੋਨ ਵਿੱਚ ਹਨ । ਪਰ ਇਸਦੇ ਬਾਵਜੂਦ ਰੈੱਡ ਜ਼ੋਨ ਵਿੱਚ ਮੋਬਾਇਲ, ਲੈਪਟਾਪ ਸਟੇਸ਼ਨਰੀ ਤੇ ਕਪੜਿਆਂ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ । ਰੈੱਡ ਜ਼ੋਨ ਵਿੱਚ ਓਪੀਡੀ ਅਤੇ ਮੈਡੀਕਲ ਕਲੀਨਿਕ ਖੋਲ੍ਹਣ ਦੀ ਸਹੂਲਤ ਵੀ ਦਿੱਤੀ ਗਈ ਹੈ । ਨਿਰਮਾਣ ਕਾਰਜਾਂ ਵਾਲੇ ਮਜ਼ਦੂਰ ਜੋ ਸਾਈਟ ‘ਤੇ ਹਨ, ਪ੍ਰਾਈਵੇਟ ਦਫਤਰਾਂ ਵਿੱਚ 33 ਫ਼ੀਸਦੀ ਕਰਮਚਾਰੀ, ਈ-ਕਾਮਰਸ ਨੂੰ ਵੀ ਛੋਟ ਦਿੱਤੀ ਗਈ ਹੈ ।