Jaish-e-Mustafa terrorist : ਜੰਮੂ ਦੇ ਕੁੰਜਵਾਨੀ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਸਤਫਾ ਦੇ ਅੱਤਵਾਦੀ ਨੂੰ ਜ਼ਿੰਦਾ ਫੜ ਲਿਆ ਹੈ। ਇਹ ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ ਦਾ ਸਹਿਯੋਗੀ ਸੰਗਠਨ ਹੈ। ਅੱਤਵਾਦੀ ਦੀ ਪਛਾਣ ਹਿਦਯਾਤੁੱਲਾਹ ਮਲਿਕ ਵਜੋਂ ਹੋਈ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਸਪੈਸ਼ਲ਼ ਇਨਪੁਟ ਤੋਂ ਬਾਅਦ ਜੰਮੂ ਅਤੇ ਅਨੰਤਨਾਗ ਪੁਲਿਸ ਨੇ ਇੱਕ ਸੰਯੁਕਤ ਮੁਹਿੰਮ ਚਲਾਈ। ਇਸ ਦੌਰਾਨ ਅੱਤਵਾਦੀ ਨੇ ਪੁਲਿਸ ਪਾਰਟੀ ‘ਤੇ ਵੀ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਤੋਂ ਬਾਅਦ ਉਹ ਅੱਤਵਾਦੀ ਗ੍ਰਿਫਤਾਰ ਕਰਨ ਵਿੱਚ ਸਫਲ ਰਹੇ। ਜੰਮੂ ਦੇ ਐਸਐਸਪੀ ਸ਼੍ਰੀਧਰ ਪਾਟਿਲ ਨੇ ਦੱਸਿਆ ਕਿ ਮਲਿਕ ਕੋਲੋਂ ਇੱਕ ਪਿਸਤੌਲ ਅਤੇ ਇੱਕ ਗ੍ਰਨੇਡ ਬਰਾਮਦ ਕੀਤਾ ਗਿਆ ਹੈ।
ਦੂਜੇ ਪਾਸੇ ਸ਼੍ਰੀਨਗਰ ਦੇ ਚਾਂਪੋਰਾ ਖੇਤਰ ਵਿੱਚ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਨੂੰ ਨਿਸ਼ਾਨਾ ਬਣਾਇਆ। ਇਸ ਸਮੇਂ ਦੌਰਾਨ, ਇਕ ਜਵਾਨ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਕਸ਼ਮੀਰ ਪੁਲਿਸ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਕਾਂਸਟੇਬਲ ਮਨੋਜ ਕੁਮਾਰ ਯਾਦਵ ਜ਼ਖਮੀ ਹੋ ਗਿਆ। ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਇਲਾਕੇ ਦੀ ਘੇਰਾਬੰਦੀ ਕਰਨ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ 2 ਫਰਵਰੀ ਨੂੰ ਸਰਕਾਰ ਨੇ ਸੰਸਦ ’ਚ ਦੱਸਿਆ ਸੀ ਕਿ ਪਿਛਲੇ ਸਾਲ ਜੰਮੂ-ਕਸ਼ਮੀਰ ਵਿੱਚ 221 ਅੱਤਵਾਦੀ ਮਾਰੇ ਗਏ ਸਨ। ਇਸ ਤੋਂ ਪਹਿਲਾਂ 2019 ਵਿੱਚ ਸੁਰੱਖਿਆ ਬਲਾਂ ਨੇ 157 ਅਤੇ 2018 ਵਿੱਚ 257 ਅੱਤਵਾਦੀ ਢੇਰ ਕਰ ਦਿੱਤੇ ਸਨ। ਇਹ ਅੰਕੜਾ ਪਿਛਲੇ 3 ਸਾਲਾਂ ਵਿੱਚ ਸਭ ਤੋਂ ਉੱਚਾ ਹੈ।