Jalandhar Corona caught speed : ਜਲੰਧਰ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਬਹੁਤ ਰਫਤਾਰ ਨਾਲ ਵਧ ਰਹੀ ਹੈ। ਇਸ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਰੋਜਾਨਾ ਵਧ ਰਹੀ ਹੈ। ਅੱਜ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਕੁੱਲ ਮਰੀਜਾਂ ਦੀ ਗਿਣਤੀ ਵਧ ਕੇ 155 ਤਕ ਪਹੁੰਚ ਗਈ ਹੈ। ਕੋਰੋਨਾ ਦਾ ਕਹਿਰ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਵੀਰਵਾਰ ਨੂੰ ਵੀ 11 ਪਾਜੀਟਿਵ ਕੇਸ ਸਾਹਮਣੇ ਆਏ ਸਨ। ਵੀਰਵਾਰ ਨੂੰ ਜਿਹੜੇ 11 ਪਾਜੀਟਿਵ ਕੇਸ ਸਾਹਮਣੇ ਆਏ ਸਨ ਉਹ ਸਾਰੇ ਬੁੱਧਵਾਰ ਨੂੰ ਕੋਰੋਨਾ ਵਾਇਰਸ ਕਾਰਨ ਪੀ. ਜੀ. ਆਈ. ਚੰਡੀਗੜ੍ਹ ਵਿਚ ਜਾਨ ਗੁਆਉਣ ਵਾਲੇ ਨਰੇਸ਼ ਚਾਵਲਾ ਦੇ ਸੰਪਰਕ ਵਿਚ ਸਨ। ਅੱਜ ਪਾਜੀਟਿਵ ਪਾਏ ਜਾਣ ਵਾਲੇ ਮਰੀਜਾਂ ਵਿਚੋਂ ਕਾਜੀ ਮੁਹੱਲਾ ਤੋਂ 4 ਤੇ ਰਸਤਾ ਮੁਹੱਲਾ ਤੋਂ 3 ਲੋਕ ਸ਼ਾਮਲ ਹਨ।
ਸਿਹਤ ਵਿਭਾਗ ਦੀਆਂ ਟੀਮਾਂ ਨੇ ਪ੍ਰਭਾਵਿਤ ਇਲਾਕੇ ਤੋਂ ਪਾਜੀਟਿਵ ਮਿਲੇ ਮਰੀਜਾਂ ਨੂੰ ਸਿਵਲ ਹਸਪਤਾਲ ਵਿਚ ਸ਼ਿਫਟ ਕਰਨਾ ਦਿੱਤਾ ਹੈ। ਉਥੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਲੱਭ ਕੇ ਸੈਂਪਲ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕਾਜੀ ਮੁਹੱਲਾ ’ਚ ਮਰੀਜਾਂ ਦੀ ਗਿਣਤੀ 13 ਅਤੇ ਰਸਤਾ ਮਹੱਲਾ ਵਿਚ ਮਰੀਜਾਂ ਦੀ ਗਿਣਤੀ 7 ਤਕ ਪਹੁੰਚ ਗਈ ਹੈ। ਬੁੱਧਵਾਰ ਨੂੰ ਚੰਡੀਗੜ੍ਹ ਵਿਚ ਕੋਰੋਨਾ ਨਾਲ ਆਪਣੀ ਜਾਨ ਗੁਆਉਣ ਵਾਲੇ ਕਾਜੀ ਮੁਹੱਲਾ ਦੇ ਨਰੇਸ਼ ਚਾਵਲਾ ਦਾ ਅੰਤਿਮ ਸਸਕਾਰ ਵੀਰਵਾਰ ਨੂੰ ਹਰਨਾਮਦਾਸਪੁਰਾ ਸ਼ਮਸ਼ਾਨਘਾਟ ਵਿਚ ਕੀਤਾ ਗਿਆ।
ਇਸ ਦੌਰਾਨ ਸਿਹਤ ਵਿਭਾਗ ਏ.ਐੱਮ. ਓ. ਜਗਤ ਰਾਮ ਭੱਟੀ, ਹੈਲਥ ਸੁਪਰਵਾਈਜ਼ਰ ਨਰੇਸ਼ ਸ਼ਮਰਾ ਤੇ ਐੱਮ. ਪੀ. ਐੱਚ. ਡਬਲਯੂ. ਮਨਜੀਤ ਸਿੰਘ ਦੀ ਟੀਮ ਨੇ ਪੀ. ਪੀ. ਈ. ਕਿੱਟਾਂ ਪਹਿਨ ਕੇ ਨਰੇਸ਼ ਚਾਵਲਾ ਦਾ ਅੰਤਿਮ ਸਸਕਾਰ ਕਰਵਾਇਆ। ਨਰੇਸ਼ ਚਾਵਲਾ ਦੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਵਿਖੇ ਕੋਰੋਨਾ ਪਾਜੀਟਿਵ ਹੋਣ ਕਾਰਨ ਦਾਖਲ ਹਨ। ਉਨ੍ਹਾਂ ਵਿਚੋਂ ਕੋਈ ਵੀ ਨਰੇਸ਼ ਚਾਵਲਾ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਨਹੀਂ ਹੋਏ। ਮੈਰੀਟੋਰੀਅਸ ਸਕੂਲ ਤੋਂ ਲਗਭਗ 102 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਜਾਵੇਗਾ। ਵੀਰਵਾਰ ਨੂੰ ਆਈ ਰਿਪੋਰਟ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਜਿਆਦਾਤਰ ਸਟਾਫ ਦੇ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਮ੍ਰਿਤਕ ਨਰੇਸ਼ ਕੁਮਾਰ ਦੇ ਸੰਪਰਕ ਵਿਚ ਕਿਡਨੀ ਹਸਪਤਾਲ ਦੇ ਸਟਾਫ ਦੇ ਸੈਂਪਲ ਵੀ ਲਏ ਗਏ ਹਨ ਅਤੇ ਹਸਪਤਾਲ ਨੂੰ ਸੈਨੇਟਾਈਜ ਕੀਤਾ ਗਿਆ ਹੈ।