ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਥੋੜ੍ਹੇ ਹੀ ਦਿਨ ਬਾਕੀ ਹਨ। ਚੋਣਾਂ ਦੀ ਤਾਰੀਖ ਨੇੜੇ ਆਉਣ ਨਾਲ ਚੋਣ ਅਖਾੜਾ ਵੀ ਭਖਦਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਤਾਬੜਤੋੜ ਰੈਲੀਆਂ ਕਰਨ ਜਾ ਰਹੇ ਹਨ, ਉੱਥੇ ਹੀ ਚੋਣ ਪ੍ਰਚਾਰ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪਤਨੀ ਸੁਨੀਤਾ ਕੇਜਰੀਵਾਲ ਤੀ ਬੇਟੀ ਹਰਸ਼ਿਤਾ ਕੇਜਰੀਵਾਲ ਵੀ ਸ਼ੁੱਕਰਵਾਰ ਯਾਨੀ ਕਿ ਅੱਜ ਪੰਜਾਬ ਆ ਰਹੇ ਹਨ। ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਬੇਟੀ ਧੂਰੀ ਵਿੱਚ ਭਗਵੰਤ ਮਾਨ ਦੀ ਜਨ ਸਭਾ ‘ਚ ਸ਼ਾਮਿਲ ਹੋਣਗੇ।
ਦੱਸ ਦੇਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ CM ਉਮੀਦਵਾਰ ਤੇ ਸੂਬਾ ਪ੍ਰਧਾਨ ਭਗਵੰਤ ਮਾਨ 11 ਫਰਵਰੀ ਯਾਨੀ ਕਿ ਸ਼ੁੱਕਰਵਾਰ ਨੂੰ ਧੂਰੀ ਵਿੱਚ ਇੱਕ ਜਨ ਸਭਾ ਦੌਰਾਨ ਔਰਤਾਂ ਨਾਲ ਗੱਲਬਾਤ ਕਰਨਗੇ । ਜਿਸ ਵਿੱਚ ਕੇਜਰੀਵਾਲ ਦੀ ਪਤਨੀ ਅਤੇ ਬੇਟੀ ਵੀ ਸ਼ਾਮਿਲ ਹੋਣਗੀਆਂ। ਕੇਜਰੀਵਾਲ ਦੀ ਪਤਨੀ ਅਤੇ ਬੇਟੀ ਵੀ ਭਗਵੰਤ ਮਾਨ ਦੀ ਮਾਂ ਅਤੇ ਭੈਣ ਨਾਲ ਧੂਰੀ ਵਿੱਚ ਚੋਣ ਪ੍ਰਚਾਰ ਕਰਨਗੇ।
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਸੰਗਰੂਰ ਸੰਸਦੀ ਸੀਟ ਤੋਂ ‘ਆਪ’ ਦੀ ਟਿਕਟ ‘ਤੇ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਹਨ । ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਬਾਅਦ ਪਾਰਟੀ ਵੱਲੋਂ ਉਨ੍ਹਾਂ ਨੂੰ ਧੂਰੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਧੂਰੀ ਵਿਧਾਨ ਸਭਾ ਸੀਟ ਵਿੱਚ ਕੁੱਲ 74 ਪਿੰਡ ਹਨ।
ਗੌਰਤਲਬ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਚੋਣਾਂ ਲਈ ਪਹਿਲਾਂ 14 ਫਰਵਰੀ ਦਾ ਦਿਨ ਨਿਰਧਾਰਿਤ ਕੀਤਾ ਗਿਆ ਸੀ, ਪਰ ਸਿਆਸੀ ਪਾਰਟੀਆਂ ਵੱਲੋਂ ਬੇਨਤੀ ਕਰਨ ‘ਤੇ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਤਾਰੀਖ ਵਧਾ ਕੇ 20 ਫਰਵਰੀ ਕਰ ਦਿੱਤੀ ਗਈ। ਇਨ੍ਹਾਂ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: