Major action on Kotkapura Golikand : ਚੰਡੀਗੜ੍ਹ : ਬਰਗਾੜੀ ਬੇਅਦਬੀ ਕਾਂਡ ਨਾਲ ਸੰਬੰਧਤ ਕੋਟਕਪੂਰਾ ਗੋਲੀਕਾਂਡ ਵਿੱਚ ਨਾਮਜ਼ਦ ਮੌਜੂਦਾ ਸਮੇਂ ਐਸਪੀ ਬਲਜੀਤ ਸਿੰਘ ਸਿੱਧੂ ਅਤੇ ਏਡੀਸੀਪੀ ਲੁਧਿਆਣਾ ਅਤੇ ਮੌਜੂਦਾ ਐਸਪੀ ਪਰਮਜੀਤ ਸਿੰਘ ਪੰਨੂੰ ਨੂੰ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਨੇ ਦਿਨਕਰ ਗੁਪਤਾ ਡੀਜੀਪੀ ਪੰਜਾਬ ਦੀ ਸਿਫਾਰਸ਼ ‘ਤੇ ਮੁਅੱਤਲ ਕਰ ਦਿੱਤਾ ਹੈ। ਦੋਵੇਂ ਪੁਲਿਸ ਅਧਿਕਾਰੀਆਂ ਦਾ ਹੈਡਕੁਆਟਰ ਹੁਣ ਡੀਜੀਪੀ ਦਫਤਰ ਚੰਡੀਗੜ੍ਹ ਹੋਵੇਗਾ।
ਜਾਣਕਾਰੀ ਅਨੁਸਾਰ ਐਸਆਈਟੀ ਨੇ ਇਨ੍ਹਾਂ ਦੋਹਾਂ ਪੁਲਿਸ ਅਧਿਕਾਰੀਆਂ ਨੂੰ ਕੋਟਕਪੂਰਾ ਗੋਲੀਕਾਂਡ ਦੇ ਸੰਬੰਧ ਵਿੱਚ ਥਾਣਾ ਸਿਟੀ ਕੋਟਕਪੂਰਾ ਵਿੱਚ ਇਰਾਦਾ-ਏ-ਕਤਲ ਸਮੇਤ ਹੋਰ ਗੰਭੀਰ ਧਾਰਾਵਾਂ ਵਿਚ ਨਾਮ਼ਦ ਕੀਤਾ ਹੋਇਆ ਹੈ। ਉਨ੍ਹਾਂ ਖਿਲਾਫ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਇਰ ਕੀਤੀ ਗਈ ਹੈ। ਕੇਸ ਦੇ ਅਧਾਰ ‘ਤੇ ਡੀਜੀਪੀ ਪੰਜਾਬ ਨੇ ਰਾਜ ਗ੍ਰਹਿ ਸਕੱਤਰ ਨੂੰ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਸਰਕਾਰੀ ਨੌਕਰੀ ਤੋਂ ਮੁਅੱਤਲ ਕਰਨ ਦੀ ਸਿਫਾਰਿਸ਼ ਕੀਤੀ ਸੀ। ਇਸ ਦੇ ਅਧਾਰ ‘ਤੇ ਗ੍ਰਹਿ ਸਕੱਤਰ ਨੇ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ 2015 ਵਿੱਚ ਬਰਗਾੜੀ ਬੇਅਦਬੀ ਕਾਂਡ ਦੌਰਾਨ ਫ਼ੈਲੇ ਰੋਸ ਦੇ ਮੱਦੇਨਜ਼ਰ ਕੋਟਕਪੂਰਾ ਵਿਖ਼ੇ ਧਰਨਾ ਦਿੱਤਾ ਜਾ ਰਿਹਾ ਸੀ। ਇਸ ਮੌਕੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ ਅਤੇ ਗੋਲੀ ਵੀ ਚਲਾਈ ਗਈ ਸੀ ਜਿਸ ਦੇ ਚਲਦਿਆਂ ਕਈ ਲੋਕ ਜ਼ਖ਼ਮੀ ਹੋਏ ਸਨ। 14 ਅਕਤੂਬਰ 2015 ਨੂੰ ਵਾਪਰੀ ਇਸ ਘਟਨਾ ਮੌਕੇ ਉਕਤ ਦੋਵੇਂ ਪੁਲਿਸ ਅਧਿਕਾਰੀ ਮੌਕੇ ’ਤੇ ਮੌਜੂਦ ਸਨ। ਐਸ.ਆਈ.ਟੀ. ਦੀ ਜਾਂਚ ਅਨੁਸਾਰ ਇਹ ਕਾਰਵਾਈ ਉਨ੍ਹਾਂ ਦੀ ਦੇਖ਼-ਰੇਖ਼ ਹੇਠ ਹੀ ਹੋਈ ਸੀ। ਇਨ੍ਹਾਂ ਦੋਵਾਂ ਅਧਿਕਾਰੀਆਂ ਖਿਲਾਫ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਚਾਰਜਸ਼ੀਟ ਵੀ ਦਾਖਲ ਕੀਤੀ ਜਾ ਚੁੱਕੀ ਹੈ। ਇਥੇ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਬੇਅਦਬੀ ਕਾਂਡ ਮਾਮਲੇ ਦੀ ਜਾਂਚ ਐਸਆਈਟੀ ਵੱਲੋਂ ਕੀਤੇ ਜਾਣ ਦਾ ਫੈਸਲਾ ਸੁਣਾਇਆ ਹੈ ਅਤੇ ਸੀਬੀਆਈ ਨੂੰ ਇਸ ਮਾਮਲੇ ਨਾਲ ਸੰਬੰਧਤ ਸਾਰੇ ਦਸਤਾਵੇਜ਼ ਇੱਕ ਮਹੀਨੇ ਅੰਦਰ ਪੰਜਾਬ ਪੁਲਿਸ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ।