Medical examination of all : ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ‘ਤੇ ਅੱਜ ਯੂਕਰੇਨ ਤੋਂ 144 ਮੁਸਾਫਰਾਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਸਵੇਰੇ 3.12 ਵਜੇ ਪੁੱਜਾ। ਜਹਾਜ ਆਪਣੇ ਨੀਯਤ ਸਮੇਂ ਤੋਂ 2 ਘੰਟੇ ਲੇਟ ਪੁੱਜਾ। ਜਹਾਜ਼ ਵਿਚ ਜ਼ਿਆਦਾਤਰ ਵਿਦਿਆਰਥੀ ਸਨ ਜੋ ਵੱਖ-ਵੱਖ ਸੂਬਿਆਂ ਤੋਂ ਯੂਕਰੇਨ ਪੜ੍ਹਾਈ ਕਰਨ ਲਈ ਗਏ ਹੋਏ ਸਨ। ਸਿਹਤ ਵਿਭਾਗ ਦੀ ਟੀਮ ਵਲੋਂ ਜਹਾਜ਼ ਤੋਂ ਉਤਰੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਗਈ। ਇਸ ਲਈ ਸਿਹਤ ਵਿਭਾਗ ਦੀ ਟੀਮ ਲਗਭਗ 10.30 ਵਜੇ ਏਅਰਪੋਰਟ ‘ਤੇ ਪੁੱਜ ਗਈ ਸੀ। ਸੂਬੇ ਵਿਚ ਭਾਵੇਂ ਕਰਫਿਊ ਨੂੰ ਖਤਮ ਕਰ ਦਿੱਤਾ ਗਿਆ ਹੈ ਪਰ ਅੱਜ ਲੌਕਡਾਊਨ ਦਾ ਆਖਰੀ ਦਿਨ ਹੈ ਤੇ ਇਸ ਸਬੰਧੀ ਫੈਸਲਾ ਸੂਬਾ ਸਰਕਾਰ ਵਲੋਂ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲਿਆ ਜਾਵੇਗਾ।
ਹਰੇਕ ਯਾਤਰੀ ਦੀ ਜਾਂਚ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਘਰ ਵਾਪਸ ਭੇਜਿਆ ਗਿਆ ਤੇ ਸਾਰੇ ਯਾਤਰੀਆਂ ਨੂੰ ਘਰਾਂ ਵਿਚ ਹੀ 14 ਦਿਨਾਂ ਲਈ ਏਕਾਂਤਵਾਸ ਲਈ ਕਿਹਾ ਗਿਆ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜਿਹੜੇ ਯਾਤਰੀ ਵੱਖ-ਵੱਖ ਸੂਬਿਆਂ ਵਿਚ ਯੂਕਰੇਨ ਤੋਂ ਵਾਪਸ ਪਰਤੇ ਹਨ, ਉਨ੍ਹਾਂ ਦਾ ਕੋਰੋਨਾ ਟੈਸਟ 5 ਤੋਂ 7 ਦਿਨਾਂ ਦੇ ਵਿਚ-ਵਿਚ ਕਰ ਦਿੱਤਾ ਜਾਵੇਗਾ। ਜਹਾਜ਼ ਵਿਚ ਚੰਡੀਗੜ੍ਹ ਦੇ 2, ਪੰਜਾਬ ਦੇ 34, ਹਰਿਆਣਾ ਦੇ 53, ਰਾਜਸਥਾਨ ਦੇ 11, ਮੋਹਾਲੀ ਦੇ 5 ਅਤੇ ਹਿਮਾਚਲ ਦੇ 54 ਯਾਤਰੀ ਸ਼ਾਮਲ ਹਨ। ਭਾਵੇਂ ਸਾਰੇ ਯਾਤਰੀਆਂ ਨੂੰ ਬੱਸਾਂ ਰਾਹੀਂ ਉਨ੍ਹਾਂ ਦੇ ਸੂਬਿਆਂ ਵਿਚ ਭੇਜ ਦਿੱਤਾ ਗਿਆ ਹੈ ਪਰ ਨਾਲ ਹੀ ਇਹ ਯਕੀਨੀ ਬਣਾਇਆ ਗਿਆ ਹੈ ਕਿ ਇਨ੍ਹਾਂ ਸਾਰੇ ਮੁਸਾਫਰਾਂ ਦਾ ਕੋਰੋਨਾ ਟੈਸਟ ਕਰਾਉਣਾ ਯਕੀਨੀ ਹੈ।
ਲੌਕਡਾਊਨ ਦਰਮਿਆਨ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਫਸੇ ਹੋਏ ਸਨ ਤੇ ਆਪਣੀ ਵਤਨ ਵਾਪਸੀ ਦੀ ਮੰਗ ਕਰ ਰਹੇ ਸਨ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਵਲੋਂ ਲੌਕਡਾਊਨ ਵਿਚ ਢਿੱਲ ਦੇ ਚੱਲਦਿਆਂ ਕੁਝ ਯਾਤਰੀਆਂ ਨੂੰ ਵਾਪਸ ਆਪਣੇ ਸੂਬਿਆਂ ਵਿਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਕੁਝ ਘੱਟ ਕੀਤਾ ਜਾ ਸਕੇ।