ਪੰਜਾਬ ਕੈਬਨਿਟ ਦੀ ਅਹਿਮ ਬੈਠਕ ਵਿਚ ਕਈ ਵੱਡੇ ਫੈਸਲਿਆਂ ‘ਤੇ ਮੋਹਰ ਲਗਾਈ ਗਈ ਹੈ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਕੈਬਨਿਟ ਵੱਲੋਂ ਨਵੀਂ ਐਕਸਾਈਜ਼ ਪਾਲਿਸੀ 2024-25 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।ਵਿੱਤ ਮੰਤਰੀ ਨੇ ਕਿਹਾ ਕਿ ਨਵੀਂ ਐਕਸਾਈਜ਼ ਪਾਲਿਸੀ ਵਿਚ 10,00 ਕਰੋੜ ਦੇ ਰੈਵੇਨਿਊ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਰਾਅ ਜ਼ਰੀਏ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਕੀਤੀ ਜਾਵੇਗੀ ਤੇ ਕੋਈ ਵੀ ਵਿਅਕਤੀ ਲਾਟਰੀ ਪਾ ਸਕੇਗਾ। ਇਸ ਦੇ ਨਾਲ ਹੀ ਸ਼ਰਾਬ ਦੇ ਰੇਟਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਕੈਬਨਿਟ ਵੱਲੋਂ ਸਿਹਤ ਸਹੂਲਤਾਂ ਲਈ ਅਹਿਮ ਕਦਮ ਚੁੱਕਦੇ ਹੋਏ 1300 ਨਵੇਂ ਡਾਕਟਰਾਂ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਿਹਤ ਸਹੂਲਤਾਂ ਨੂੰ ਬੇਹਤਰ ਬਣਾਉਣ ਲਈ 1300 ਨਵੇਂ ਡਾਕਟਰ ਭਰਤੀ ਕੀਤੇ ਜਾਣਗੇ। ਇਸ ਦੇ ਪਹਿਲੇ ਪੜਾਅ ਵਿਚ 400 ਆਸਾਮੀਆਂ ਨੂੰ ਭਰਿਆ ਜਾਵੇਗਾ। ਇਸ ਤੋਂ ਇਲਾਵਾ ਗੁਰਦਾਸਪੁਰ ਵਿਚ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿਚ 20 ਆਸਾਮੀਆਂ ਕੱਢੀਆਂ ਗਈਆਂ ਹਨ।
ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਭਲਕੇ ਰੇਲਾਂ ਰੋਕਣ ਦਾ ਐਲਾਨ-ਹਰਿਆਣਾ ਪੁਲਿਸ ਦੀ ਚੇਤਾਵਨੀ-‘ਸ਼ਾਮਲ ਹੋਏ ਤਾਂ ਹੋਵੇਗੀ ਕਾਰਵਾਈ’
ਇਸ ਦੇ ਨਾਲ ਹੀ ਪਾਸਕੋ ਮਾਮਲਿਆਂ ਨੂੰ ਲੈ ਕੇ ਫਾਸਟ ਟਰੈਕ ਕੋਰਟ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਵਿਚ 2 ਸਪੈਸ਼ਲ ਅਦਾਲਤਾਂ ਦਾ ਗਠਨ ਕੀਤਾ ਗਿਆ। ਇਸ ਤਹਿਤ ਤਰਨਤਾਰਨ ਤੇ ਸੰਗਰੂਰ ਵਿਚ ਸਪੈਸ਼ਲ ਕੋਰਟ ਦਾ ਗਠਨ ਕੀਤਾ ਗਿਆ ਹੈ। ਇਸ ਨਾਲ ਬੱਚਿਆਂ ਦੇ ਨਾਲ ਹੋਏ ਅਪਰਾਧਾਂ ਦੇ ਮਾਮਲਿਆਂ ਵਿਚ ਜਲਦ ਇਨਸਾਫ ਮਿਲੇਗਾ। ਇਨ੍ਹਾਂ ਅਦਾਲਤਾਂ ਵਿਚ ਤਾਇਨਾਤੀ ਲਈ 20 ਅਹੁਦਿਆਂ ਦੀ ਰਚਨਾ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੀਆਂ ਅਦਾਲਤਾਂ ਵਿਚ 3842 ਅਹੁਦੇ ਸਥਾਈ ਕੀਤੇ ਗਏ ਹਨ। ਇਸ ਦੇ ਚੱਲਦੇ ਹੁਣ ਮੁਲਾਜ਼ਮਾਂ ਨੂੰ ਹਰ ਸਾਲ ਐਕਸਟੈਂਸ਼ਨ ਨਹੀਂ ਲੈਣ ਪਵੇਗੀ।
ਵੀਡੀਓ ਲਈ ਕਲਿੱਕ ਕਰੋ -: