Migrant workers will now : ਲੁਧਿਆਣਾ : ਪੁਲਿਸ ਪ੍ਰਸ਼ਾਸਨ ਵੱਲੋਂ ਹੁਣ ਦੂਸਰੇ ਸੂਬਿਆਂ ਵਿਚ ਆਪਣੇ ਘਰਾਂ ਨੂੰ ਜਾਣ ਦੇ ਚਾਹਵਾਨ ਮਜ਼ਦੂਰ ਬਿਨਾਂ ਰਜਿਸਟ੍ਰੇਸ਼ਨ ਦੇ ਘਰ ਵਾਪਸੀ ਕਰ ਸਕਣਗੇ। ਪੁਲਿਸ ਵਿਭਾਗ ਨੇ ਇਸ ਸਬੰਧੀ ਆਪਣੇ ਫੇਸਬੁੱਕ ਪੇਜ ’ਤੇ ਸੂਚਨਾ ਸ਼ੇਅਰ ਕਰਕੇ ਦੱਸਿਆ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਆਪਣੇ ਘਰਾਂ ਨੂੰ ਨਹੀਂ ਪਰਤ ਸਕੇ, ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬਿਨਾਂ ਰਜਿਸਟ੍ਰੇਸ਼ਨ ਦੇ ਹੀ ਰੇਲ ਗੱਡੀ ਵਿਚ ਬਿਠਾ ਦਿੱਤਾ ਜਾਵੇਗਾ। ਅਜਿਹੇ ਮਜ਼ਦੂਰ ਆਪਣੇ ਨੇੜਲੇ ਰੈਣ ਬਸੇਰਾ ਵਿਚ ਜਾ ਕੇ ਪੁਲਿਸ ਕਰਮਚਾਰੀਆਂ ਨੂੰ ਦੱਸ ਸਕਦੇ ਹਨ, ਜਿਸ ਸਬੰਧੀ ਲੋਕਾਂ ਨੂੰ ਸਾਰੇ ਰੈਣ ਬਸੇਰਾ ਦੀ ਲਿਸਟ ਮੁਹੱਈਆ ਕਰਵਾਈ ਗਈ ਹੈ। ਉਥੇ ਉਨ੍ਹਾਂ ਲੋਕਾਂ ਦੇ ਪਿੰਡ ਨੂੰ ਜਾਣ ਵਾਲੀ ਗੱਡੀ ਦੀ ਸਮਾਂ-ਸਾਰਨੀ ਦੇ ਹਿਸਾਬ ਨਾਲ ਸਬੰਧਤ ਪੁਲਿਸ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਗੁਰੂ ਨਾਨਕ ਸਟੇਡੀਅਮ ਪਹੁੰਚਾਇਆ ਜਾਏਗਾ, ਜਿਥੇ ਲੋਕਾਂ ਨੂੰ ਮੈਡੀਕਲ ਚੈਕਅਪ ਤੋਂ ਬਾਅਦ ਰਵਾਨਾ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵੱਲੋਂ ਟ੍ਰੇਨਾਂ ਦਾ ਸ਼ੈਡਿਊਲ ਜਾਰੀ ਕਰਕੇ ਉਨ੍ਹਾਂ ਸਟੇਸ਼ਨ ’ਤੇ ਜਾਣ ਦੇ ਚਾਹਵਾਨ ਪ੍ਰਵਾਸੀ ਮਜ਼ਦੂਰਾਂ ਨੂੰ ਚਾਰ ਘੰਟੇ ਪਹਿਲਾਂ ਲੜਕੀਆਂ ਦੇ ਕਾਲਜ ਪੁੱਜਣ ਦੀ ਪੇਸ਼ਕਸ ਕਰ ਦਿੱਤੀ ਹੈ। ਜਿਨ੍ਹਾਂ ਦੀ ਹੁਣ ਰਜਿਸਟ੍ਰੇਸ਼ਨ ਨਹੀਂ ਹੋਈ ਜਾਂ ਹੁਣ ਤੱਕ ਕੋਈ ਮੈਸੇਜ ਨਹੀਂ ਆਇਆ, ਉਹ ਲੋਕ ਵੀ ਗੁਰੂ ਨਾਨਕ ਸਟੇਡੀਅਮ ਵਿਚ ਸਰਟੀਫਿਕੇਟ ਬਣਵਾ ਕੇ ਟ੍ਰੇਨ ਰਾਹੀਂ ਵਾਪਿਸ ਆਪਣੇ ਸੂਬਿਆਂ ਨੂੰ ਵਾਪਿਸ ਜਾ ਸਕਦੇ ਹਨ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਯੋਜਨਾ ਟ੍ਰੇਨਾਂ ਦੀ ਕਪੈਸਿਟੀ ਪੂਰੀ ਨਾ ਹੋਣ ਸਣੇ ਪਿਕਅਪ ਪੁਆਇੰਟਾਂ ’ਤੇ ਆ ਰਹੀ ਸਮੱਸਿਆ ਨੂੰ ਧਿਆਨ ਵਿਚ ਰਖਦਿਆਂ ਬਣਾਈ ਗਈ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿੰਨੇ ਲੋਕਾਂ ਨੂੰ ਰਜਿਸਟ੍ਰੇਸ਼ਨ ਦੇ ਆਧਾਰ ’ਤੇ ਮੈਸੇਜ ਜਾਂ ਕਾਲਿੰਗ ਕੀਤੀ ਜਾ ਰਹੀ ਹੈ, ਓਨੇ ਲੋਕ ਸਟੇਸ਼ਨ ਨਹੀਂ ਪੁੱਜ ਰਹੇ।
ਇਸ ਦੇ ਲਈ ਕਈ ਲੋਕਾਂ ਵੱਲੋਂ ਕੰਮ ਸ਼ੁਰੂ ਹੋਣ ਦਾ ਹਵਾਲਾ ਦਿੰਦੇ ਹੋਏ ਘਰ ਵਾਪਿਸ ਨਾ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਸ ਤੋਂ ਇਲਾਵਾ ਕਈ ਲੋਕ ਬੱਸਾਂ ਰਾਹੀਂ ਗੁਰੂ ਨਾਨਕ ਸਟੇਡੀਅਮ ਤੱਕ ਪੁੱਜਣ ਲਈ ਬਣਾਏ ਗਏ ਪਿਕਅਪ ਪੁਆਇੰਟ ’ਤੇ ਤਾਇਨਾਤ ਮੁਲਾਜ਼ਮਾਂ ਵੱਲੋਂ ਵਾਪਿਸ ਮੋੜਨ ਦੀ ਗੱਲ ਕਹਿ ਰਹੇ ਹਨ। ਇਸ ਤੋਂ ਇਲਾਵਾ ਕਈ ਮਜ਼ਦੂਰਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਵਿਚ ਵੀ ਮੁਸ਼ਕਲ ਆ ਰਹੀ ਸੀ। ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰਖਦਿਆਂ ਹੁਣ ਪੁਲਿਸ ਪ੍ਰਸ਼ਾਸਨ ਨੇ ਇਨ੍ਹਾਂ ਮਜ਼ਦੂਰਾਂ ਦੀ ਘਰ ਵਾਪਸੀ ਲਈ ਇਹ ਹੱਲ ਕੱਢਿਆ ਹੈ।