Moga sex scandal to : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੋਗਾ ਸੈਕਸ ਸਕੈਂਡਲ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਚਿੱਠੀ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂਇਹ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਿਹਾਲ ਸਿੰਘ ਵਾਲਾ ਥਾਣੇ ਵਿਚ ਦਰਜ ਹੋਏ ਸੈਕਸ ਸਕੈਂਡਲ ਨੇ ਦੁਬਾਰਾ ਤੋਂ ਮੋਗਾ ਦੇ 2003 ਅਤੇ 2007 ਵਿਚ ਹੋਏ ਸੈਕਸ ਸਕੈਂਡਲਾਂ ਨੂੰ ਦੁਬਾਰਾ ਯਾਦ ਕਰਵਾ ਦਿੱਤਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2020 ਸੈਕਸ ਸਕੈਂਡਲ ਵਿਚ 2003 ਅਤੇ 2007 ਦੀ ਤਰ੍ਹਾਂ ਹੀ ਪੁਲਿਸ ਅਫਸਰਾਂ ਤੇ ਸਿਆਸਤਦਾਨਾਂ ਸ਼ਾਮਲ ਹਨ।
ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਖੁਦ ਪੁਲਿਸ ਅਫਸਰ ਅਤੇ ਸਿਆਸਤਦਾਨ ਅਜਿਹੇ ਘਿਨਾਉਣੇ ਅਪਰਾਧਾਂ ਵਿਚ ਸ਼ਾਮਲ ਹੋਣ ਤਾਂ ਪੁਲਿਸ ਵਲੋਂ ਕੀਤੀ ਗਈ ਜਾਂਚ ਦਾ ਕੋਈ ਅਰਥ ਨਹੀਂ ਹੈ, ਸਗੋਂ ਇਸ ਕੇਸ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੇ ਮੋਗਾ ਦੇ SSP ਦੇ ਟਰਾਂਸਫਰ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੋਗਾ ਜਿਲ੍ਹੇ ਵਿਚ ਐੱਸ. ਐੱਸ. ਪੀ. ਕਾਂਗਰਸੀ ਹਨ ਤੇ ਉਨ੍ਹਾਂ ਕੋਲੋਂ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਦੀ ਉਮੀਦ ਕਰਨਾ ਸਰਾਸਰ ਗਲਤ ਹੈ। ਇਸੇ ਲਈ ਕੇਸ ਦੀ CBI ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਮੋਗਾ ਸੈਕਸ ਸਕੈਂਡਲ ਵਿਚ ਦੋ ASI’s ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਇਹ ਸਿਰਫ ਫੋਕਾ ਦਿਖਾਵਾ ਹੈ ਕਿਉਂਕਿ ਇਸ ਕੰਮ ਨੂੰ ਅੰਜਾਮ ਦੇਣ ਵਾਲੇ ਅਸਲੀ ਦੋਸ਼ੀ ਅਜੇ ਵੀ ਕਾਨੂੰਨੀ ਸ਼ਿਕੰਜੇ ਤੋਂ ਬਚੇ ਹੋਏ ਹਨ। ਚੀਮਾ ਨੇ ਕਿਹਾ ਕਿ ਔਰਤ ਦਾ ਸਰੀਰਕ ਸ਼ੋਸ਼ਣ ਅਤੇ ਬਲੈਕਮੇਲਿੰਗ ਵਰਗੇ ਗੰਭੀਰ ਮੁੱਦੇ ‘ਤੇ ਪਹਿਲਾਂ FIR ਦਰਜ ਕੀਤੀ ਜਾਂਦੀ ਹੈ ਪਰ ਇਸ ਕੇਸ ਵਿਚ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਸ ਪਿੱਛੇ ਵੱਡੇ ਸਿਆਸੀ ਆਗੂਆਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਗਾ ਸੈਕਸ ਸਕੈਂਡਲ ਦੀ ਸੀ. ਬੀ. ਆਈ. ਤੋਂ ਜਾਂਚ ਨਾ ਕਰਵਾਈ ਗਈ ਤਾਂ ਲੋਕਾਂ ਦਾ ਪੁਲਿਸ ਤੇ ਕਾਨੂੰਨ ਤੋਂ ਵਿਸ਼ਵਾਸ ਉਠਣ ਵਿਚ ਜ਼ਿਆਦਾ ਦੇਰ ਨਹੀਂ ਲੱਗੇਗੀ।