ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋਸ਼ੀ ਨੂੰ ਮਾਨਸਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਮਹੀਪਾਲ ਵਜੋਂ ਹੋਈ ਹੈ।
ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ 1 ਸਤੰਬਰ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਭਰੀ ਈ-ਮੇਲ ਭੇਜੀ ਗਈ ਸੀ। ਇਸ ‘ਤੇ ਕਾਰਵਾਈ ਕਰਦਿਆਂ ਮਾਨਸਾ ਪੁਲੀਸ ਨੇ ਦਿੱਲੀ ਪੁਲੀਸ ਨਾਲ ਤਾਲਮੇਲ ਕਰਕੇ ਮੁਲਜ਼ਮ ਨੂੰ ਬਹਾਦਰਗੜ੍ਹ ਇਲਾਕੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਐਸਐਸਪੀ ਗੌਰਵ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ, ਤਾਂ ਜੋ ਇਹ ਜਾਣਕਾਰੀ ਹਾਸਲ ਕੀਤੀ ਜਾ ਸਕੇ ਕਿ ਉਸ ਨੇ ਧਮਕੀ ਭਰੀ ਈ-ਮੇਲ ਕਿਸ ਦੇ ਕਹਿਣ ‘ਤੇ ਭੇਜੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਮੁਲਜ਼ਮ ਕੋਲੋਂ ਦੋ ਮੋਬਾਈਲ ਫੋਨ ਵੀ ਬਰਾਮਦ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਇੰਨਾ ਹੀ ਨਹੀਂ ਦੋਸ਼ੀ ਨੇ ਬਿਸ਼ਨੋਈ ਦੇ ਨਾਂ ‘ਤੇ ਇੰਸਟਾਗ੍ਰਾਮ ‘ਤੇ ਇਕ ਅਕਾਊਂਟ ਵੀ ਬਣਾਇਆ ਹੋਇਆ ਹੈ। ਫਿਲਹਾਲ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਸ ਨੇ ਆਪਣਾ ਨਾਂ ਕਮਾਉਣ ਲਈ ਸੋਸ਼ਲ ਮੀਡੀਆ ‘ਤੇ ਧਮਕੀ ਭਰੀਆਂ ਪੋਸਟਾਂ ਪਾਈਆਂ ਸਨ। ਮਾਮਲੇ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ। ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ-ਮਾਤਾ ਨੇ ਇਨਸਾਫ਼ ਨਾ ਮਿਲਣ ‘ਤੇ ਦੁੱਖ ਪ੍ਰਗਟ ਕੀਤਾ ਹੈ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਪੁੱਤਰ ਦੇ ਕਤਲ ਨੂੰ ਤਿੰਨ ਮਹੀਨੇ ਬੀਤ ਚੁੱਕੇ ਹਨ ਪਰ ਅੱਜ ਤੱਕ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ। ਜ਼ਿਕਰਯੋਗ ਹੈ ਕਿ ਮਾਨਸਾ ਦੇ ਪਿੰਡ ਜਵਾਹਰਕੇ ‘ਚ 29 ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।