Nagar Kirtan in Delhi : ਨਵੀਂ ਦਿੱਲੀ : ਸਰਬੰਸ ਦਾਨੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਕਾਸ਼ ਦਿਹਾੜਾ 20 ਜਨਵਰੀ ਨੂੰ ਆ ਰਿਹਾ ਹੈ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨਗਰ ਕੀਰਤਨ ਵਿਚ ਸ਼ਾਮਲ ਹੋਈਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਲਿਆ। ਨਗਰ ਕੀਰਤਨ ਸਵੇਰੇ ਲਗਭਗ 11.00 ਵਜੇ ਗੁਰਦੁਆਰਾ ਰਕਾਬਗੰਜ ਤੋਂ ਸ਼ੁਰੂ ਕੀਤਾ ਗਿਆ, ਜਿਥੋਂ ਇਹ ਦਿੱਲੀ ਦੇ ਸ਼ੰਕਰ ਰੋਡ, ਰਾਜੇਂਦਰ ਨਗਰ,ਪਟੇਲ ਨਗਰ, ਮੋਤੀ ਨਗਰ, ਰਾਜਾ ਗਾਰਡਨ, ਸੁਭਾਸ਼ ਨਗਰ ਮੋੜ ਤੋਂ ਹੁੰਦਾ ਹੋਇਆ ਫਤਿਹ ਨਗਰ ਜੇਲ੍ਹ ਰੋਡ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।
ਪੰਜ ਪਿਆਰਿਆਂ ਵੱਲੋਂ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ। ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਗੁਰੂ ਕੀ ਬਾਣੀ ਦੇ ਕੀਰਤਨ ਕੀਤੇ ਗਏ ਅਤੇ ਪਾਲਕੀ ਸਾਹਿਬ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਵਾਰ ਸਾਰੀਆਂ ਸੰਗਤਾਂ ਪੈਦਲ ਹੀ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸਮੁੱਚੇ ਨਗਰ ਕੀਰਤਨ ਵਿਚ ਸ਼ਾਮਲ ਹੋਈਆਂ। ਇਸ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਸਮੇਤ ਕਮੇਟੀ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਹਾਜ਼ਰ ਰਹੇ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਪਹਿਲੀ ਵਾਰ ਦਿੱਲੀ ਵਿੱਚ ਨਗਰ ਕੀਰਤਨ ਸਜਾਇਆ ਗਿਆ ਹੈ, ਜਿਸ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।