NASVI will provide e-training : ਨਵੀਂ ਦਿੱਲੀ : ਕੋਵਿਡ-19 ਦੇ ਚੱਲਦਿਆਂ ਦੇਸ਼ ਦੇ ਖਾਣ-ਪੀਣ ਵਾਲੇ ਪਦਾਰਥ ਵੇਚਣ ਵਾਲੇ ਸਟ੍ਰੀਟ ਵੈਂਡਰਸ ਤੇ ਛੋਟੇ ਕਾਰੋਬਾਰੀਆਂ ਦੀ ਰੋਜ਼ੀ-ਰੋਟੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚ ਰਿਹਾ ਹੈ। ਸਰਕਾਰ ਵੱਲੋਂ ਲੌਕਡਾਊਨ ਵਿਚ ਸਬਜ਼ੀਆਂ ਤੇ ਫਲ ਵੇਚਣ ਦੀ ਹੀ ਇਜਾਜ਼ਤ ਦੇ ਦਿੱਤੀ ਗਈ ਹੈ, ਜਿਸ ਨਾਲ ਲਗਭਗ 10 ਤੋਂ 15 ਫੀਸਦੀ ਵੈਂਡਰਸ ਨੂੰ ਆਪਣਾ ਰੋਜ਼ਗਾਰ ਮਿਲ ਗਿਆ ਹੈ ਪਰ ਇਕ ਵੱਡੀ ਗਿਣਤੀ ਵਿਚ ਖਾਣ-ਪੀਣ ਵਾਲੇ ਪਦਾਰਥ ਵੇਚਣ ਵਾਲੇ ਸਟ੍ਰੀਟ ਵੈਂਡਰਸ ਇਸ ਲੌਕਡਾਊਨ ਦੀ ਅਜੇ ਵੀ ਮਾਰ ਝੱਲ ਰਹੇ ਹਨ। ਇਨ੍ਹਾਂ ਸਟ੍ਰੀਟ ਵੈਂਡਰਸ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਆਪਣਾ ਰੋਜ਼ਗਾਰ ਦਿਵਾਉਣ ਲਈ ਨੈਸ਼ਨਲ ਐਸੋਸੀਏਸ਼ਨ ਆਫ ਸਟ੍ਰੀਟ ਵੈਂਡਰਸ ਆਫ ਇੰਡੀਆ (NASVI) ਨੇ ਇਨ੍ਹਾਂ ਵੈਂਡਰਸ ਦੇ ਰੋਜ਼ਗਾਰ ਦੀ ਸਰੁੱਖਿਆ ਲਈ FSSAI ਨਾਲ ਮਿਲ ਕੇ ਇਨ੍ਹਾਂ ਨੂੰ ਈ-ਟ੍ਰੇਨਿੰਗ ਦਿਵਾਉਣ ਦਾ ਫੈਸਲਾ ਕੀਤਾ ਹੈ ਤਾਂਕਿ ਇਨ੍ਹਾਂ ਵੈਂਡਰਸ ਨੂੰ ਆਪਣਾ ਰੋਜ਼ਗਾਰ ਮਿਲ ਸਕੇ। ਦੱਸਣਯੋਗ ਹੈ ਕਿ ਨਾਸਵੀ ਵੱਲੋਂ ਇਸੇ ਦਿਸ਼ਾ ਵੱਲ ਕਦਮ ਉਠਾਉਂਦਿਆਂ ਪਹਿਲੇ ਪੜਾਅ ਵਿਚ ਅੱਜ 50 ਵੈਂਡਰਸ ਨੇਤਾਵਾਂ ਨਾਲ ਮਿਲ 500 ਵੈਂਡਰਸ ਨੂੰ ਈ-ਟ੍ਰੇਨਿੰਗ ਦਿੱਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਨਾਸਵੀ ਦੇ ਕੌਮੀ ਕੋਆਰਡੀਨੇਟਰ ਸ਼੍ਰੀ ਅਰਵਿੰਦ ਸਿੰਘ ਨੇ ਕਿਹਾ ਕਿ ਨਾਸਵੀ ਟ੍ਰੇਨਿੰਗ ਤੋਂ ਬਾਅਦ ਇਨ੍ਹਾਂ ਵੈਂਡਰਸ ਨੂੰ ਟ੍ਰੇਨਿੰਗ ਸਰਟੀਫਿਕੇਟ ਦਿੱਤੇ ਜਾਣਗੇ। ਨਾਸਵੀ ਨੇ ਇਨ੍ਹਾਂ ਵੈਂਡਰਸ ਨੂੰ ਵਿਆਜ ਮੁਕਤ ਕਰਜ਼ਾ ਦੇਣ ਲਈ ਸ਼ਹਿਰੀ ਵਿਕਾਸ ਮੰਤਰਾਲੇ ਤੇ ਕੌਮੀ ਸ਼ਹਿਰੀ ਅਜੀਵਿਕਾ ਮਿਸ਼ਨ ਨੂੰ ਪੱਤਰ ਵੀ ਲਿਖਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਾਸਵੀ ਨੇ ਸ਼ੁਰੂ ਤੋਂ ਹੀ ਮੰਗ ਕੀਤੀ ਹੈ ਕਿ ਖਾਣ-ਪੀਣ ਵਾਲੇ ਪਦਾਰਥ ਵੇਚਣ ਵਾਲੇ ਅਜਿਹੇ ਵੈਂਡਰਸ ਜੋ FSSAI ਤੇ ਹੋਰ ਕਿਸੇ ਵੀ ਤਰ੍ਹਾਂ ਤੋਂ ਟ੍ਰੇਂਡ ਹਨ, ਉਨ੍ਹਾਂ ਨੂੰ ਈ-ਪਾਸ ਜਾਰੀ ਕਰਕੇ ਮੁਹੱਲੇ ਤੇ ਗਲੀਆਂ ਵਿਚ ਪਕੇ ਹੋਏ ਤਾਜ਼ੀ ਖਾਣ-ਪੀਣ ਵਾਲੀ ਸਮੱਗਰੀ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ। ਇਨ੍ਹਾਂ ਵੈਂਡਹਸ ਨੂੰ ਹੈਲਥ ਵਰਕਰ ਵਾਂਗ ਸੁਰੱਖਿਆ ਮਾਪਦੰਡਾਂ ਦੀ ਟ੍ਰੇਨਿੰਗ ਦਿੱਤੀ ਜਾਵੇ ਤਾਂਕਿ ਵਿਕਰੀ ਕਰਨ ਦੌਰਾਨ ਇਹ ਨਾਗਰਿਕਾਂ ਨੂੰ ਜ਼ਰੂਰੀ ਜਾਣਕਾਰੀ ਵੀ ਦੇ ਸਕਣ। ਉਨ੍ਹਾਂ ਅੱਗੇ ਕਿਹਾ ਕਿ ਕਿਉਂਕਿ ਇਹ ਵੈਂਡਰਸ ਸਵ-ਰੋਜ਼ਗਾਰੀ ਤੇ ਸਵ-ਨਿਯੋਜਿਤ ਹੁੰਦੇ ਹਨ, ਇਨ੍ਹਾਂ ਕੋਲ ਪੂੰਜੀ ਦੀ ਵੀ ਘਾਟ ਹੁੰਦੀ ਹੈ। ਜੇਕਰ ਅਜੇ ਵੀ ਕੋਈ ਫੈਸਲਾ ਨਾ ਲਿਆ ਗਿਆ ਤਾਂ ਇਹ ਕਰਜ਼ੇ ਥੱਲੇ ਆ ਸਕਦੇ ਹਨ।
ਇਸ ਬਾਰੇ ਸਟ੍ਰੀਟ ਫੂਡ ਪ੍ਰੋਗਰਾਮ ਕੋਆਰਡੀਨੇਟਰ ਸੰਗੀਤਾ ਸਿੰਘ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਸਟ੍ਰੀਟ ਵੈਂਡਰਸ ਦੀ ਸਥਿਤੀ ਨੂੰ ਨਾ ਸੰਭਾਲਿਆ ਗਿਆ ਤਾਂ ਇਹ ਲੋਕ ਭੁਖਮਰੀ ਦੇ ਸ਼ਿਕਾਰ ਹੋ ਜਾਣਗੇ। ਅਜਿਹੇ ’ਚ ਕੁਝ ਨੀਤੀਗਤ ਫੈਸਲਾ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰੈਸਟੋਰੈਂਟ ਨੂੰ ਹੋਮ ਡਿਲਵਰੀ ਲਈ ਇਜਾਜ਼ਤ ਦਿੱਤੀ ਹੈ, ਇਸੇ ਤਰਜ ’ਤੇ ਵੈਂਡਰਸ ਨੂੰ ਵੀ ਮੁਹੱਲਿਆਂ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ।